ਪੰਜਾਬ

punjab

ETV Bharat / state

Sakeena Meets With Gurmail Singh: 70 ਸਾਲ ਬਾਅਦ ਭੈਣ ਪਹਿਲੀ ਵਾਰ ਬੰਨੀ ਭਰਾ ਨੂੰ ਰੱਖੜੀ, ਖੁਸ਼ੀ ਦੇ ਪਲ ਨੇ ਹਰ ਕਿਸੇ ਨੂੰ ਕੀਤਾ ਭਾਵੁਕ

ਜਦੋਂ ਕਰੀਬ 70 ਸਾਲ ਬਾਅਦ ਭੈਣ ਨੇ ਆਪਣੇ ਭਰਾ ਨੂੰ ਰੱਖੜੀ ਬੰਨੀ, ਤਾਂ ਦੋਹਾਂ ਭੈਣ-ਭਰਾ ਤੋਂ ਇਲਾਵਾ ਉੱਥੇ ਮੌਜੂਦ ਹਰ ਸਖ਼ਸ਼ ਭਾਵੁਕ ਹੋ ਗਿਆ। ਇਹ ਦੋਵੇ ਭੈਣ-ਭਰਾ 1947 ਦੀ ਵੰਡ ਤੋਂ ਬਾਅਦ ਹੁਣ ਮਿਲੇ। ਭੈਣ ਸਕੀਨਾ ਇਸ ਸਮੇਂ ਪਾਕਿਸਤਾਨ ਵਿੱਚ ਰਹਿੰਦੀ ਹੈ, ਉਸ ਦਾ ਜੰਮਪਲ ਵੀ ਉੱਥੋ ਦਾ ਹੀ ਹੈ, ਜੋ ਅਪਣੇ ਭਰਾ ਦੀ ਫੋਟੋ ਦੇਖ ਕੇ ਹੀ ਵੱਡੀ ਹੋਈ। ਪਰ, ਭਰਾ ਗੁਰਮੇਲ ਸਿੰਘ ਪੰਜਾਬ (ਭਾਰਤ) ਰਹਿੰਦਾ ਹੈ, ਜੋ ਕਿ ਸੋਸ਼ਲ ਮੀਡੀਆ ਦੇ ਸਦਕੇ ਸ੍ਰੀ ਕਰਤਾਰਪੁਰ ਸਾਹਿਬ ਕਰੀਬ 76 ਸਾਲ ਬਾਅਦ ਮਿਲੇ। ਪੜ੍ਹੋ ਪੂਰੀ ਕਹਾਣੀ।

Sakeena Meets With Gurmail Singh, brother Sister meets after 76 Year , Jassowal Village, Ludhiana
brother Sister meets after 76 Year

By

Published : Aug 8, 2023, 6:25 PM IST

70 ਸਾਲ ਬਾਅਦ ਭੈਣ ਪਹਿਲੀ ਵਾਰ ਬੰਨੀ ਭਰਾ ਨੂੰ ਰੱਖੜੀ, ਖੁਸ਼ੀ ਦੇ ਪਲ ਨੇ ਹਰ ਕਿਸੇ ਨੂੰ ਕੀਤਾ ਭਾਵੁਕ

ਲੁਧਿਆਣਾ:ਪਿੰਡ ਜੱਸੋਵਾਲ ਦੇ ਗੁਰਮੇਲ ਸਿੰਘ ਦੀ ਆਪਣੀ ਭੈਣ ਸਕੀਨਾ ਦੇ ਨਾਲ 68 ਸਾਲ ਬਾਅਦ ਮੁਲਾਕਾਤ ਹੋਈ, ਇਹ ਪਲ ਕਾਫੀ ਭਾਵੁਕ ਸਨ ਜਦੋਂ ਭੈਣ ਆਪਣੇ ਵੱਡੇ ਭਰਾ ਦੇ ਗਲ ਲੱਗ ਕੇ ਭੁੱਬਾਂ ਮਾਰ ਕੇ ਰੋਣ ਲੱਗ ਪਈ। 1947 ਦੀ ਵੰਡ 'ਚ ਸਿਰਫ ਸਰਹੱਦਾਂ ਹੀ ਨਹੀਂ, ਸਗੋਂ ਇਨਸਾਨ ਵੀ ਵੰਡੇ ਗਏ, ਜਜ਼ਬਾਤ ਅਤੇ ਰਿਸ਼ਤੇ ਵੀ ਵੰਡੇ ਗਏ। ਕੁੱਝ ਅਜਿਹਾ ਹੀ ਹੋਇਆ ਲੁਧਿਆਣਾ ਦੇ ਗੁਰਮੇਲ ਸਿੰਘ ਗਰੇਵਾਲ ਨਾਲ ਜਿਸ ਦੇ ਪਿਤਾ ਨੇ ਵੰਡ ਤੋਂ ਪਹਿਲਾਂ ਵਿਆਹ ਆਪਣੀ ਮਰਜ਼ੀ ਨਾਲ ਕਰਵਾਇਆ ਸੀ, ਪਰ ਜਦੋਂ ਵੰਡ ਹੋਈ, ਤਾਂ ਗੁਰਮੇਲ ਦੀ ਮਾਂ ਨੂੰ ਉਸ ਦੇ ਪਰਿਵਾਰ ਵਾਲੇ ਪਾਕਿਸਤਾਨ ਨਾਲ ਲੈਕੇ ਚਲੇ ਗਏ।

ਸੋਸ਼ਲ ਮੀਡੀਆਂ ਨੇ ਕੀਤੀ ਕਾਫੀ ਮਦਦ :ਸੋਸ਼ਲ ਮੀਡੀਆ ਨਾਲ ਜਦੋਂ ਦੋਵਾਂ ਦਾ ਰਾਬਤਾ ਕਾਇਮ ਹੋਇਆ ਤਾਂ ਸਕੀਨਾ ਅਤੇ ਗੁਰਮੇਲ ਸਿੰਘ ਦੀ ਕਈ ਵਾਰ ਗੱਲਬਾਤ ਹੋਈ, ਦੋਵਾਂ ਨੂੰ ਮਿਲਣ ਦੀ ਤਾਂਘ ਸੀ। ਆਖਿਰਕਾਰ ਉਹ ਦਿਨ ਵੀ ਆਇਆ ਜਦੋਂ ਦੋਵਾਂ ਦੀ ਮੁਲਾਕਾਤ ਦਾ ਸਮਾਂ ਤੈਅ ਹੋਇਆ ਸਥਾਨ ਪਾਕਿਸਤਾਨ 'ਚ ਸਥਿੱਤ ਗੁਰੂਦਵਾਰਾ ਕਰਤਾਰਪੁਰ ਸਾਹਿਬ ਵਿਖੇ ਜਦੋਂ ਦੋਵੇਂ ਭੈਣ ਭਰਾਵਾਂ ਨੇ ਇੱਕ ਦੂਜੇ ਨੂੰ ਵੇਖਿਆ ਤਾਂ ਰਿਹਾ ਨਹੀਂ ਗਿਆ ਅਤੇ ਗਲਵੱਕੜੀ ਪਾ ਕੇ ਭੈਣ ਭੁੱਬਾਂ ਮਾਰ ਕੇ ਰੋਣ ਲੱਗੀ। ਹੁਕਮਰਾਨਾਂ ਦੇ ਫੈਸਲਿਆਂ ਨੂੰ ਕੋਸਣ ਲੱਗੀ ਜਦੋਂ ਇੱਕ ਮੁਲਕ ਵਿਚ ਲਕੀਰ ਖਿੱਚ ਕੇ ਆਪਸੀ ਰਿਸ਼ਤਿਆਂ ਵਿਚ ਆਪਸੀ ਪਿਆਰ ਦੇ ਵਿੱਚ ਵੀ ਲਕੀਰ ਖਿੱਚ ਦਿੱਤੀ।

ਪਹਿਲੀ ਵਾਰ ਭਰਾ ਨੂੰ ਬੰਨੀ ਰੱਖੜੀ: ਰੱਖੜੀ ਦਾ ਮਹੀਨਾ ਚੱਲ ਰਿਹਾ ਸੀ, ਤਾਂ ਇਸ ਕਰਕੇ ਭੈਣ ਨੇ ਸੋਚਿਆ ਕਿ ਵੀਰ 76 ਸਾਲ ਬਾਅਦ ਮਿਲਿਆ ਹੈ। ਫਿਰ ਪਤਾ ਨਹੀਂ ਕਦੋਂ ਮੌਕਾ ਮਿਲੇਗਾ, ਰੱਖੜੀ ਬੰਨ ਦਿੱਤੀ। ਭਰਾ ਨੇ ਵੀ ਤੀਆਂ ਦਾ ਸਧਾਰਾ ਭੈਣ ਲਈ ਤਿਆਰ ਕੀਤਾ। ਦੇਸੀ ਘਿਓ ਦੇ ਬਿਸਕੁਟ ਬਣਵਾ ਕੇ ਪਹੁੰਚਿਆ ਅਤੇ ਭੈਣ ਨੂੰ ਦਿੱਤੇ। ਰੱਖੜੀ ਬਣਵਾ ਕੇ ਭੈਣ ਨੂੰ 5 ਹਜ਼ਾਰ ਦਾ ਸ਼ਗਨ ਦਿੱਤਾ, ਭਾਣਜੀਆਂ ਨੂੰ ਪਿਆਰ ਦਿੱਤਾ। ਭੈਣ ਨੇ ਭਰਾ ਦੇ ਲਈ ਘੜੀ ਲਿਆਂਦੀ, ਕੁੜਤਾ ਪਜਾਮਾ ਦਿੱਤਾ। ਲਗਭਗ ਪੰਜ ਘੰਟੇ ਚਲੀ ਇਸ ਭਾਵੁਕ ਕਰ ਦੇਣ ਵਾਲੀ ਮੁਲਾਕਾਤ ਵਿੱਚ ਦੋਵਾਂ ਨੇ ਇੱਕ ਦੂਜੇ ਦਾ ਦੁੱਖ ਸੁੱਖ ਸਾਂਝਾ ਕੀਤਾ।

ਭੈਣ ਭੁੱਬਾਂ ਮਾਰ ਕੇ ਰੋਈ, ਭਰਾ ਵੀ ਹੋਇਆ ਭਾਵੁਕ : ਸਾਡੀ ਟੀਮ ਵਲੋਂ ਜੱਸੋਵਾਲ ਪਿੰਡ ਜਾ ਕੇ ਗੁਰਮੇਲ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ "ਮੈਂ ਆਪਣੇ ਪਰਿਵਾਰ ਨੂੰ ਯਾਦ ਕਰਕੇ ਅਕਸਰ ਹੀ ਭਾਵੁਕ ਹੋ ਜਾਂਦਾ, ਮੈਨੂੰ ਉਹਨਾਂ ਦੀ ਯਾਦ ਵੀ ਆਉਂਦੀ ਹੈ ਪਰ ਜਦੋਂ ਅਸੀਂ ਮਿਲੇ ਤਾਂ, 'ਮੈਂ ਆਪਣੀ ਭੈਣ ਨੂੰ ਕਿਹਾ ਕਿ ਇਹ ਰੋਣ ਦਾ ਸਮਾਂ ਨਹੀਂ ਹੈ, ਇਹ ਮਿਲਣ ਦਾ ਸਮਾਂ ਹੈ। ਗੁਰਮੇਲ ਸਿੰਘ ਨੇ ਕਿਹਾ ਕਿ ਮੇਰੀ ਅੱਖਾਂ ਵਿੱਚੋਂ ਹੰਝੂ ਨਹੀਂ ਆਏ, ਪਰ ਦਿਲ ਜ਼ਰੂਰ ਭਰ ਆਇਆ। ਸਾਡੇ ਨਾਲ ਗੱਲ ਕਰਦੇ ਕਰਦੇ ਗੁਰਮੇਲ ਸਿੰਘ ਭਾਵੁਕ ਹੋ ਗਏ ਦੱਸਿਆ ਕਿ ਮੇਰੀ ਉਮਰ 74 ਸਾਲ ਦੇ ਕਰੀਬ ਹੈ। ਮੇਰੀ ਮਾਂ ਨੂੰ ਉਸ ਦੇ ਪਰਿਵਾਰ ਵਾਲੇ ਪਾਕਿਸਤਾਨ ਲੈ ਗਏ ਸਨ ਜਿਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਹਮੇਸ਼ਾ ਯਾਦ ਕਰਦਾ ਰਿਹਾ ਜਿਸ ਤੋਂ ਬਾਅਦ ਵੱਡਾ ਹੋਇਆ, ਉਸ ਉੱਤੇ ਕਬੀਲਦਾਰੀ ਪੈ ਗਈ। ਉਸ ਦਾ ਆਪਣਾ ਵਿਆਹ ਹੋ ਗਿਆ, ਪਰ ਇੱਕ ਦਿਨ ਪਾਕਿਸਤਾਨ ਦੇ ਇਕ ਰਿਪੋਰਟ ਦਾ ਫੋਨ ਆਇਆ ਤਾਂ ਪਤਾ ਲੱਗਾ ਕਿ ਜਿਸ ਤਰਾਂ ਉਹ ਆਪਣੇ ਮਾਂ ਤੇ ਭੈਣ ਨੂੰ ਯਾਦ ਕਰਦਾ ਹੈ ਉਹ ਵੀ ਉਸੇ ਤਰ੍ਹਾਂ ਉਸ ਨੂੰ ਯਾਦ ਕਰਦੇ ਹਨ। ਦੋਵਾਂ ਦੇ ਵਿੱਚ ਫੋਨ ਉੱਤੇ ਗੱਲ ਹੋਈ ਅਤੇ ਫਿਰ ਮਿਲਣ ਦਾ ਸਬੱਬ ਬਣਿਆ।'

ਇੰਝ ਪਿਆ ਵਿਛੋੜਾ ਅਤੇ ਫਿਰ ਹੋਇਆ ਮਿਲਾਪ :ਗੁਰਮੇਲ ਸਿੰਘ ਨੇ ਦੱਸਿਆ ਕਿ ਜਦੋਂ 1947 ਦੀ ਵੰਡ ਹੋਈ, ਤਾਂ ਦੋਵਾਂ ਮੁਲਕਾਂ ਦੇ ਹੁਕਮਰਾਨਾਂ ਨੇ ਫੈਸਲਾ ਕੀਤਾ ਕਿ ਜਿਹੜੇ ਲੋਕ ਚੜ੍ਹਦੇ ਪੰਜਾਬ ਵੱਲ ਜਾਂ ਲਹਿੰਦੇ ਪੰਜਾਬ ਵੱਲ ਰਹਿ ਗਏ ਹਨ, ਉਨ੍ਹਾ ਨੂੰ ਫੌਜਾਂ ਵਾਪਿਸ ਲਿਜਾ ਸਕਦੀਆਂ ਹਨ। ਜਦੋਂ ਪਾਕਿਸਤਾਨੀ ਫੌਜ ਦੇ ਅਧਿਕਾਰੀ ਉਸ ਦੀ ਮਾਂ ਨੂੰ ਆ ਕੇ ਨਾਲ ਲੈਕੇ ਚਲੇ ਗਏ, 5 ਸਾਲ ਦਾ ਗੁਰਮੇਲ ਉਦੋਂ ਆਪਣੇ ਘਰ ਨਹੀਂ ਸੀ। ਘਰ ਪਰਤਿਆ, ਤਾਂ ਮਾਂ ਨਹੀਂ ਸੀ। ਪੂਰੀ ਉਮਰ ਬਿਨ੍ਹਾਂ ਮਾਂ ਦੇ ਪਿਆਰ ਤੋਂ ਗੁਰਮੇਲ ਸਿੰਘ ਵੱਡਾ ਹੋਇਆ। ਪਿਛਲੇ ਸਾਲ ਹੀ, ਸੋਸ਼ਲ ਮੀਡੀਆ ਦੇ ਸੰਪਰਕ ਰਾਹੀਂ ਗੁਰਮੇਲ ਸਿੰਘ ਦਾ ਪਤਾ ਉਸ ਦੀ ਭੈਣ ਨੂੰ ਲੱਗਾ।

ਦੋਵਾਂ ਦੀ ਵੀਡਿਓ ਕਾਲ ਉੱ ਗੱਲਬਾਤ ਹੋਈ। ਆਖਿਰਕਾਰ 2022 ਵਿੱਚ ਗੁਰਮੇਲ ਦਾ ਪਾਸਪੋਰਟ ਬਣਵਾਇਆ ਗਿਆ, ਪਿੰਡ ਦੇ ਲੋਕਾਂ ਨੇ ਮਦਦ ਕੀਤੀ ਅਤੇ ਦੋਵੇਂ ਭੈਣ ਭਰਾਵਾਂ ਦੀ ਮੁਲਾਕਾਤ ਸੰਭਵ ਹੋ ਸਕੀ। 1947 ਦੀ ਵੰਡ ਵਿੱਚ ਆਪਣਿਆਂ ਦਾ, ਆਪਣਿਆਂ ਤੋਂ ਵਿਛੋੜਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਸਕੀਨਾ ਵਰਗੀਆਂ ਕਿੰਨੀਆਂ ਭੈਣਾਂ ਆਪਣੇ ਭਰਾਵਾਂ ਤੋਂ ਅਤੇ ਗੁਰਮੇਲ ਵਰਗੇ ਕਿੰਨੇ ਭਰਾ ਆਪਣੀਆਂ ਮਾਵਾਂ ਤੋਂ ਵਿਛੜ ਗਏ, ਕਈ ਦੁਬਾਰਾ ਮਿਲ ਵੀ ਨਹੀਂ ਸਕੇ ਅਤੇ ਭਾਰਤ ਪਾਕਿਸਤਾਨ ਦੇ ਤਲਖ਼ੀ ਭਰੇ ਰਿਸ਼ਤਿਆਂ ਦੀ ਭੇਂਟ ਪਰਿਵਾਰਾਂ ਦੇ ਪਰਿਵਾਰ ਚੜ੍ਹਦੇ ਰਹੇ।

ABOUT THE AUTHOR

...view details