ਲੁਧਿਆਣਾ:ਉਪ ਮੁੱਖ ਮੰਤਰੀ ਓਪੀ ਸੋਨੀ (Deputy Chief Minister OP Soni) ਨੇ ਪੰਜਾਬ ਕਾਂਗਰਸ (Punjab Congress) ਵਿੱਚ ਚੱਲ ਰਹੇ ਕਾਟੋ ਕਲੇਸ਼ ਅਤੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਚੱਲ ਹੇ ਮਨ ਮੁਟਾਅ ਦੇ ਸੰਬੰਧ ‘ਚ ਉਨ੍ਹਾਂ ਨੇ ਕਿਹਾ, ਕਿ ਹਾਈਕਮਾਂਡ ਸਭ ਕੁਝ ਦੇਖ ਰਿਹਾ ਹੈ ਅਤੇ ਜਲਦ ਹੀ ਇਸ ਸਬੰਧੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ਸਹੀ ਦਿਸ਼ਾ ਵੱਲ ਜਾ ਰਹੀ ਹੈ ਕੋਈ ਵੀ ਪ੍ਰੇਸ਼ਾਨੀ ਨਹੀਂ ਹੈ, ਅੱਜ ਉਹ ਲੁਧਿਆਣਾ ਕਿਸੇ ਨਿਜੀ ਆਟੋ ਕੰਪਨੀ ਦੀ ਕਾਰ ਲਾਂਚਿੰਗ ਦੇ ਸਮਾਗਮ ‘ਚ ਸ਼ਿਰਕਤ ਕਰਨ ਪੁੱਜੇ ਹੋਏ ਸਨ।
ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੁਰਿੰਦਰ ਡਾਬਰ ਅਤੇ ਸੰਜੇ ਤਲਵਾੜ ਵੀ ਮੌਜੂਦ ਰਹੇ। ਹਾਲਾਂਕਿ ਇਸ ਦੌਰਾਨ ਉਪ ਮੁੱਖ ਮੰਤਰੀ ਮੀਡੀਆ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ।
ਪੱਤਰਕਾਰਾ ਵੱਲੋਂ ਸੂਬੇ ਵਿੱਚ ਹੋਏ ਕਣਕ ਘੁਟਾਲੇ ਨੂੰ ਲੈ ਕੇ ਪੁੱਛੇ ਸਵਾਲਾਂ ਦਾ ਉਪ ਮੁੱਖ ਮੰਤਰੀ ਓ.ਪੀ.ਸੋਨੀ ਨੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅੱਜ ਮੈਂ ਕਾਰ ਦੀ ਲਾਚਿੰਗ ਕਰਨ ਆਇਆ ਹਾਂ, ਨਾ ਕਿ ਅਜਿਹੇ ਸਵਾਲਾਂ ਦੇ ਜਵਾਬ ਦੇਣ ਲਈ ਆਇਆ ਹਾਂ।
ਉਪ ਮੁੱਖ ਮੰਤਰੀ ਓ.ਪੀ. ਸੋਨੀ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਵੱਲੋਂ ਬਣਾਈ ਜਾ ਰਹੀ ਨਵੀਂ ਪਾਰਟੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦਬੀ ਆਵਾਜ਼ ਵਿੱਚ ਕਿਹਾ ਕਿ ਉਹ ਕੁਝ ਨਹੀਂ ਜਾਣਦੇ, ਪਰ ਕਾਂਗਰਸ ਹਾਈ ਕਮਾਂਡ ਸਭ ਕੁਝ ਵੇਖ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਦਾ ਹੁਕਮ ਮੰਨਿਆ ਜਾਵੇਗਾ।