ਲੁਧਿਆਣਾ :ਲੁਧਿਆਣਾ ਦੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ। ਤਾਜ਼ਾ ਮਾਮਲਾ ਲੁਧਿਆਣਾ ਦੀ ਹੈਬੋਵਾਲ ਪੁਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਮੋਟਰਸਾਇਕਲ ਸਵਾਰਾਂ ਵੱਲੋਂ ਲੁਧਿਆਣਾ ਦੇ ਹੀ ਇੱਕ ਕਾਰੋਬਾਰੀ ਦੀ ਕਾਰ ਚੋਂ 11 ਲੱਖ ਰੁਪਏ ਦੀ ਰਾਸ਼ੀ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਅਣਪਛਾਤੇ ਲੁਟੇਰਿਆਂ ਵੱਲੋਂ ਬਕਾਇਦਾ ਇਸ ਦੀ ਪੂਰੀ ਪਲਾਨਿੰਗ ਕੀਤੀ ਗਈ ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਨੇ ਪਹਿਲਾਂ ਕਾਰ ਦਾ ਟਾਇਰ ਪੰਚਰ ਕੀਤਾ ਅਤੇ ਫਿਰ ਕਾਰ ਦਾ ਪਿੱਛਾ ਕਰ ਕੇ ਜਦੋਂ ਕਾਰ ਰੁਕੀ ਤਾਂ ਉਸ ਵਿਚੋਂ 11 ਲੱਖ ਰੁਪਏ ਨਾਲ ਭਰਿਆ ਪੈਸਿਆਂ ਦਾ ਬੈਗ ਟਰੈਫਿਕ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਏ।
ਸੀਸੀਟੀਵੀ ਫੁਟੇਜ ਹੋਈ ਵਾਇਰਲ :ਇਸ ਪੂਰੀ ਵਾਰਦਾਤ ਦੀ ਇਕ ਸੀਸੀਟੀਵੀ ਫੁਟੇਜ ਵੀ ਪੁਲਿਸ ਦੇ ਹੱਥ ਲੱਗੀ ਹੈ, ਜਿਸ ਵਿੱਚ ਜਦੋਂ ਕਾਰ ਨੂੰ ਰੋਕ ਕੇ ਉਸ ਦਾ ਡਰਾਈਵਰ ਅਤੇ ਕਾਰ ਦਾ ਮਾਲਕ ਕਾਰੋਬਾਰੀ ਸ਼ਿਵ ਗਰਗ ਟਾਇਰ ਬਦਲਣ ਲੱਗੇ ਤਾਂ ਬੜੀ ਹੀ ਅਸਾਨੀ ਦੇ ਨਾਲ ਤਿੰਨ ਲੁਟੇਰੇ ਗੱਡੀ ਵਿਚੋਂ ਪੈਸੇ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ। ਇਸਦਾ ਪਤਾ ਵੀ ਪੀੜਤ ਨੂੰ ਉਦੋਂ ਲੱਗਾ ਜਦੋਂ ਉਸ ਦੇ ਡਰਾਈਵਰ ਨੇ ਦੱਸਿਆ ਕਿ ਮੁਲਜ਼ਮ ਬੈਗ ਲੈ ਕੇ ਭੱਜ ਗਏ, ਪੂਰਾ ਵਾਕਿਆ ਲੁਧਿਆਣਾ ਦੀ ਹੈਬੋਵਾਲ ਪੁਲੀ ਦੇ ਨੇੜੇ ਹੋਇਆ ਜਿੱਥੇ ਅਕਸਰ ਹੀ ਕਾਫੀ ਭੀੜ ਭਾੜ ਰਹਿੰਦੀ ਹੈ।