ਨਿਹੰਗ ਸਿੰਘ ਦੇ ਬਾਣੇ 'ਚ ਲੁੱਟ ਦੀ ਵਾਰਦਾਤ ਲੁਧਿਆਣਾ:ਪੰਜਾਬ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਲੁਧਿਆਣਾ ਦੇ ਫੀਲਡ ਗੰਜ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਦੋ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਮੋਟਰਸਾਈਕਲ ਸਵਾਰਾਂ ਵੱਲੋਂ ਇੱਕ ਸ਼ਖਸ ਨੂੰ ਘੇਰ ਕੇ ਉਸ ਦੇ ਦੋ ਮੋਬਾਇਲ ਫੋਨ ਅਤੇ ਕੈਸ਼ ਲੁੱਟ ਲਿਆ ਗਿਆ। ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਦੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ ਦੋ ਦੇ ਵਿੱਚ ਦੇ ਦਿੱਤੀ ਗਈ ਹੈ, ਜਿਸ ਦੀ ਜਾਂਚ ਸਬ ਇੰਸਪੈਕਟਰ ਰਸ਼ਪਾਲ ਸਿੰਘ ਕਰ ਰਹੇ ਹਨ। ਜਿਨਾਂ ਨੇ ਕਿਹਾ ਹੈ ਕਿ ਪੀੜਿਤ ਦੇ ਬਿਆਨ ਲੈਣ ਤੋਂ ਬਾਅਦ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।
ਨਕਦੀ ਤੇ ਮੋਬਾਈਲ ਖੋਹ ਕੇ ਫ਼ਰਾਰ: ਨਿਹੰਗ ਸਿੰਘਾਂ ਦੇ ਬਾਣੇ 'ਚ ਆਏ ਬਦਮਾਸ਼ਾਂ ਵਲੋਂ ਕੂਚਾ ਨੰਬਰ 15 ਨਜ਼ਦੀਕ ਜੰਝ ਘਰ ਕੋਲ 43 ਸਾਲਾ ਨਰੇਸ਼ ਕੁਮਾਰ ਤੋਂ ਲੁੱਟ ਕੀਤੀ ਗਈ ਹੈ ਜੋ ਕਿ ਦੇਰ ਰਾਤ ਆਪਣੇ ਕੰਮ ਤੋਂ ਵਾਪਸ ਘਰ ਜਾ ਰਿਹਾ ਸੀ ਤਾਂ ਗਲੀ ਦੇ ਵਿੱਚ ਹੀ ਦੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਤੋਂ ਨਗਦੀ ਅਤੇ ਦੋ ਮੋਬਾਇਲ ਫੋਨ ਖੋਹ ਲਏ। ਉਸ ਦੇ ਵਿਰੋਧ ਕਰਨ 'ਤੇ ਉਨਾਂ ਨੇ ਆਪਣੇ ਬਰਛੇ ਦੇ ਨਾਲ ਵਾਰ ਵੀ ਕੀਤਾ, ਜਿਸ ਕਰਕੇ ਉਸਨੂੰ ਸੱਟਾਂ ਲੱਗੀਆਂ ਹਨ ਅਤੇ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਤੋਂ ਬਾਅਦ ਉਸ ਨੂੰ ਡੀਐਮਸੀ ਹਸਪਤਾਲ ਭੇਜ ਦਿੱਤਾ ਹੈ।
ਪੁਲਿਸ ਨੇ ਬਿਆਨ ਦਰਜ ਕਰਕੇ ਕਾਰਵਾਈ ਦੀ ਕਹੀ ਗੱਲ: ਸਬ ਇੰਸਪੈਕਟਰ ਰਸ਼ਪਾਲ ਸਿੰਘ ਨੇ ਫੋਨ 'ਤੇ ਗੱਲਬਾਤ ਦੌਰਾਨ ਦੱਸਿਆ ਹੈ ਕਿ ਫਿਲਹਾਲ ਪੀੜਿਤ ਦੇ ਬਿਆਨ ਦਰਜ ਨਹੀਂ ਕੀਤੇ ਗਏ ਹਨ ਕਿਉਂਕਿ ਦੇਰ ਰਾਤ ਕਾਫੀ ਦੇਰੀ ਹੋ ਗਏ ਸਨ ਅਤੇ ਉਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਤੋਂ ਡੀਐਮਸੀ ਭੇਜਿਆ ਗਿਆ ਸੀ। ਉਹਨਾਂ ਕਿਹਾ ਕਿ ਪੀੜਿਤ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਸੀਂ ਮਾਮਲਾ ਦਰਜ ਕਰਾਂਗੇ ਅਤੇ ਮੁਲਜ਼ਮਾਂ 'ਤੇ ਕਾਰਵਾਈ ਕਰਾਂਗੇ।
ਵਾਰਦਾਤ ਦੀ ਸੀਸੀਟੀਵੀ ਹੋਈ ਵਾਇਰਲ: ਉਧਰ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਰਾਤ ਕਰੀਬ 11:30 ਵਜੇ ਦੀ ਇਹ ਵਾਰਦਾਤ ਹੈ, ਜਦੋਂ ਦੋ ਮੋਟਰਸਾਈਕਲ 'ਤੇ ਸਵਾਰ ਨਿਹੰਗ ਸਿੰਘ ਦੇ ਬਾਣੇ ਵਿੱਚ ਮੁਲਜ਼ਮ ਆਉਂਦੇ ਹਨ ਅਤੇ ਨਰੇਸ਼ ਕੁਮਾਰ ਨੂੰ ਘੇਰ ਲੈਂਦੇ ਹਨ ਅਤੇ ਉਸ ਤੋਂ ਮੋਬਾਇਲ ਫੋਨ ਅਤੇ ਕੈਸ਼ ਖੋਹ ਕੇ ਫਰਾਰ ਹੋ ਜਾਂਦੇ ਹਨ। ਇਹਨਾਂ ਹੀ ਨਹੀਂ ਜਦੋਂ ਪੀੜਤ ਇਸ ਦਾ ਵਿਰੋਧ ਕਰਦਾ ਹੈ ਤਾਂ ਉਸ 'ਤੇ ਲਾਠੀ ਦੇ ਨਾਲ ਵਾਰ ਵੀ ਕਰਦੇ ਹਨ, ਜਿਸ ਕਾਰਨ ਉਸ ਨੂੰ ਸੱਟਾਂ ਲੱਗ ਜਾਂਦੀਆਂ ਹਨ ਅਤੇ ਉਹ ਆਪਣਾ ਮੋਬਾਇਲ ਫੋਨ ਸੁੱਟ ਦਿੰਦਾ ਹੈ, ਜਿੱਥੋਂ ਉਹ ਚੁੱਕ ਕੇ ਫਰਾਰ ਹੋ ਜਾਂਦੇ ਹਨ।
ਲੁਧਿਆਣਾ 'ਚ ਬੀਤੇ ਸ਼ਾਮ ਵੀ ਲੁੱਟ ਦੀ ਹੋਈ ਸੀ ਘਟਨਾ:ਕਾਬਿਲੇਗੌਰ ਹੈ ਕਿ ਲੁਧਿਆਣਾ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਹਾਲੇ ਬੀਤੇ ਦਿਨ ਹੀ ਦੇਰ ਸ਼ਾਮ ਇੱਕ ਪੈਟਰੋਲ ਪੰਪ ਦੇ ਮੈਨੇਜਰ ਅਤੇ ਉਸਦੇ ਕਰਿੰਦੇ ਤੋਂ ਬੈਂਕ ਦੇ ਬਾਹਰ ਕੈਸ਼ ਜਮਾ ਕਰਾਉਣ ਵੇਲੇ 25 ਲੱਖ ਰੁਪਏ ਦਾ ਪੈਸਿਆਂ ਨਾਲ ਭਰਿਆ ਬੈਗ ਦੋ ਮੋਟਰਸਾਈਕਲ ਸਵਾਰ ਖੋਹ ਕੇ ਫਰਾਰ ਹੋ ਗਏ। ਹਾਲੇ ਤੱਕ ਪੁਲਿਸ ਉਸ ਨੂੰ ਸੁਲਝਾ ਹੀ ਨਹੀਂ ਸਕੀ ਸੀ ਕਿ ਨਵੀਂ ਵਾਰਦਾਤ ਸਾਹਮਣੇ ਆ ਗਈ ਹੈ। ਇਥੋਂ ਤੱਕ ਕਿ ਵਪਾਰੀ ਨੂੰ ਅਗਵਾਹ ਕਰਕੇ ਗੋਲੀ ਮਾਰ ਕੇ ਸੁੱਟ ਜਾਣ ਦੀ ਵਾਰਦਾਤ ਵੀ ਹਾਲੇ ਤੱਕ ਪੁਲਿਸ ਨੇ ਪੂਰੀ ਤਰ੍ਹਾਂ ਨਹੀਂ ਸੁਲਝਾਈ ਹੈ, ਜਿਸ ਕਰਕੇ ਲਗਾਤਾਰ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਹਨ।