ਖੰਨਾ:ਸੂਬੇ 'ਚ ਲੁੱਟਾਂ ਖੋਹਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੇਖੌਫ ਲੁਟੇਰੇ ਦਿਨਦਿਹਾੜੇ ਹੀ ਲੁਟੇਰੇ ਵਾਰਦਾਤਾਂ ਕਰ ਰਹੇ ਹਨ। ਜਿਸ ਨਾਲ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਇਹ ਇੱਕ ਤਰ੍ਹਾਂ ਨਾਲ ਪੁਲਿਸ ਲਈ ਵੀ ਵੱਡੀ ਚੁਣੌਤੀ ਹੈ। ਤਾਜ਼ਾ ਵਾਰਦਾਤ ਖੰਨਾ ਦੇ ਪਿੰਡ ਬੂਥਗੜ੍ਹ ਵਿਖੇ ਹੋਈ, ਜਿੱਥੇ 2 ਲੁਟੇਰਿਆਂ ਨੇ ਪਾਣੀ ਪੀਣ ਦੇ ਬਹਾਨੇ ਬਜ਼ੁਰਗ ਔਰਤ ਦੇ ਕੋਲ ਗਏ ਅਤੇ ਮੌਕਾ ਦੇਖਦੇ ਹੀ ਉਸ ਦੇ ਕੰਨਾਂ ਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਉਸਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ। ਬਦਮਾਸ਼ਾਂ ਦੀ ਇਸ ਘਿਨਾਉਣੀ ਕਰਤੂਤ ਦੀ ਸ਼ਿਕਾਰ ਹੋਈ ਬਜ਼ੁਰਗ ਮਹਿਲਾ ਸਵਿਤਾ ਵਰਮਾ ਦੀ ਹਾਲਤ ਇੰਨੀ ਨਾਜ਼ੁਕ ਬਣੀ ਹੋਈ ਹੈ ਕਿ ਖੰਨਾ ਦੇ ਸਿਵਲ ਹਸਪਤਾਲ ਭਰਤੀ ਕਰਵਾਉਣ ਤੋਂ ਬਾਅਦ ਹੁਣ ਡਾਕਟਰਾਂ ਨੇ ਔਰਤ ਦੀ ਹਾਲਤ ਖ਼ਤਰੇ 'ਚ ਦੱਸੀ ਹੈ ਉਸ ਨੂੰ ਖੰਨਾ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ।
ਰੌਂਦੀ ਹੋਈ ਇਹ ਧੀ: ਬਜ਼ੁਰਗ ਔਰਤ ਸਵਿਤਾ ਵਰਮਾ (55) ਦੀ ਧੀ ਰਸ਼ਮੀ ਦਾ ਆਪਣੀ ਮਾਂ ਦੀ ਇਹ ਹਾਲਤ ਦੇਖ ਕੇ ਬੁਰਾ ਹਾਲ ਸੀ। ਇਸਦੇ ਨਾਲ ਹੀ ਰੌਂਦੀ ਹੋਈ ਇਹ ਧੀ ਆਪਣੀ ਮਾਂ ਦੀ ਇਸ ਹਾਲਤ ਲਈ ਪੁਲਿਸ ਪ੍ਰਸ਼ਾਸਨ ਨੂੰ ਜੁੰਮੇਵਾਰ ਠਹਿਰਾਇਆ ਹੈ। ਰਸ਼ਮੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੇ ਹਾਲ ਇੰਨੇ ਮਾੜੇ ਹਨ ਕਿ ਘਰ ਵਿਚ ਮਹਿਲਾਵਾਂ ਦਾ ਇਕੱਲਿਆਂ ਰਹਿਣਾ ਹੀ ਹੁਣ ਖ਼ਤਰਾ ਬਣ ਗਿਆ ਹੈ। ਰਸ਼ਮੀ ਨੇ ਦੱਸਿਆ ਕਿ ਉਸਦੀ ਮਾਂ ਘਰ ਅੰਦਰ ਇਕੱਲੀ ਸੀ ਤਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋ ਨੌਜਵਾਨ ਆਏ। ਇਹ ਕਿਸੇ ਦਾ ਪਤਾ ਪੁੱਛਣ ਬਹਾਨੇ ਉਸਦੀ ਮਾਂ ਕੋਲੋਂ ਪੀਣ ਲਈ ਪਾਣੀ ਮੰਗਣ ਲੱਗੇ। ਇਸ ਦੌਰਾਨ ਜਦੋਂ ਉਸਦੀ ਮਾਂ ਪਾਣੀ ਪਿਲਾ ਕੇ ਘਰ ਦੇ ਅੰਦਰ ਜਾਣ ਲੱਗੀ ਤਾਂ ਮੋਟਰਸਾਈਕਲ ਸਵਾਰ ਇਹਨਾਂ ਨੌਜਵਾਨਾਂ ਵਿੱਚੋਂ ਇੱਕ ਨੇ ਉਸਦੀ ਮਾਂ ਦੇ ਕੰਨਾਂ ਦੀਆਂ ਵਾਲੀਆਂ ਝਪਟ ਲਈਆਂ ਅਤੇ ਉਸਨੂੰ ਧੱਕਾ ਮਾਰ ਕੇ ਫ਼ਰਾਰ ਹੋ ਗਏ। ਧੱਕਾ ਦੇਣ ਕਾਰਨ ਉਸਦੀ ਮਾਂ ਜ਼ਮੀਨ ਉਪਰ ਡਿੱਗੀ। ਰਸ਼ਮੀ ਦੇ ਅਨੁਸਾਰ ਉਸਦੀ ਮਾਂ ਦੇ ਸਿਰ 'ਚ ਕੋਈ ਚੀਜ਼ ਲੱਗੀ। ਜਿਸ ਨਾਲ ਗੰਭੀਰ ਸੱਟ ਲੱਗੀ ਅਤੇ ਸਿਰ ਚੋਂ ਕਾਫੀ ਜ਼ਿਆਦਾ ਖੂਨ ਵਗਣ ਨਾਲ ਹੁਣ ਉਸਦੀ ਮਾਂ ਦੇ ਬਚਣ ਦੀ ਉਮੀਦ 50-50 ਹੈ। ਸਵਿਤਾ ਵਰਮਾ ਦੇ ਜਵਾਈ ਵਰੁਨ ਗੁਪਤਾ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਲੁਟੇਰਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਸਿਵਿਲ ਹਸਪਤਾਲ ਵਿਚ ਮਰੀਜਾਂ ਲਈ ਨਹੀਂ ਐਂਬੂਲੈਂਸ ਦਾ ਇੰਤਜ਼ਾਮ : ਮਾਂ ਦੇ ਇਸ ਦਰਦ ਤੋਂ ਹਤਾਸ਼ ਹੋਈ ਧੀ ਨੇ ਰੋ ਰੋ ਕੇ ਜਿਥੇ ਲੁਟੇਰਿਆਂ ਨੂੰ ਕੋਸਿਆ ਉਥੇ ਹੀ ਉਹਨਾਂ ਸਿਵਲ ਹਸਪਤਾਲ ਦੇ ਪ੍ਰਬੰਧਨ 'ਤੇ ਵੀ ਸਵਾਲ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਹਸਪਤਾਲ ਤੋਂ ਲੈਕੇ ਜਾਣ ਲਈ ਐਂਬੂਲੈਂਸ ਤੱਕ ਨਹੀਂ ਹੈ ਸਾਰੀਆਂ ਐਂਬੂਲੈਂਸ ਵਿਅਸਤ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਇਸ ਤੋਂ ਵੱਧ ਐਮਰਜੈਂਸੀ ਕਿ ਹੋ ਸਕਦੀ ਹੈ ਕਿ ਕਿਸੇ ਦੀ ਜਾਨ 'ਤੇ ਬਣੀ ਹੈ ਤੇ ਅਸੀਂ ਪ੍ਰਾਈਵੇਟ ਐਂਬੂਲੈਂਸ ਕਰਵਾ ਰਹੇ ਹਾਂ।