ਲੁਧਿਆਣਾ: ਸਾਲ ਦੀ ਸ਼ੁਰੂਆਤ ਵਿੱਚ ਆਉਣ ਵਾਲਾ ਲੋਹੜੀ ਦਾ ਤਿਉਹਾਰ ਪੂਰੇ ਦੇਸ਼ ਸਣੇ ਵੱਖ ਵੱਖ ਰਾਜਾਂ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਾਂਗ ਹਰ ਮੌਸਮ ਦੇ ਮੁਤਾਬਿਕ ਵੱਖੋ ਵੱਖਰੇ ਤਿਉਹਾਰ ਹਨ, ਇਨ੍ਹਾਂ ਵਿੱਚ ਲੋਹੜੀ (Uttarayan) ਵੀ ਇਕ ਹੈ। ਜਨਵਰੀ ਮਹੀਨੇ ਵਿੱਚ ਜਾਂ ਫਿਰ ਦੇਸੀ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਪੋਹ ਖ਼ਤਮ ਹੁੰਦਿਆਂ ਅਤੇ ਮਾਘ ਚੜ੍ਹਦਿਆਂ ਲੋਹੜੀ ਅਤੇ ਮਕਰ ਸੰਕਰਾਂਤੀ ਦਾ ਤਿਉਹਾਰ ਸੰਸਾਰ ਵਿਚ ਵਸਦੇ ਭਾਰਤੀ ਤੇ ਪੰਜਾਬੀ ਮਨਾਉਂਦੇ ਹਨ।
ਕੀ ਹੈ ਲੋਹੜੀ ਦਾ ਇਤਿਹਾਸ:ਉੱਤਰ ਭਾਰਤ ਵਿੱਚ ਲੋਹੜੀ ਦਾ ਤਿਉਹਾਰ ਮਨਾਉਣ ਪਿੱਛੇ ਕਈ ਕਹਾਣੀਆਂ ਵੀ ਜੁੜੀਆਂ ਹੋਈਆਂ ਹਨ। ਇਸ ਨੂੰ ਇਤਿਹਾਸ ਦੇ ਨਾਲ ਜੋੜਿਆ ਜਾ ਸਕਦਾ ਹੈ ਤੇ ਸਭ ਤੋਂ ਪ੍ਰਚਲਤ ਇਤਿਹਾਸ ਦੁੱਲਾ ਭੱਟੀ ਦੇ ਕਿੱਸੇ ਨਾਲ ਜੁੜਦਾ ਹੈ। ਜਦੋਂ ਪੂਰੇ ਦੇਸ਼ ਵਿਚ ਮੁਗਲਾਂ ਦਾ ਰਾਜ ਸੀ ਉਸ ਵੇਲੇ ਪਾਕਿਸਤਾਨ ਦੇ ਸਾਂਦਲਬਾਰ ਇਲਾਕੇ ਵਿੱਚ ਅਮੀਰ ਰਸੂਖ਼ਦਾਰ ਲੜਕੀਆਂ ਦੀ ਖ਼ਰੀਦੋ-ਫ਼ਰੋਖ਼ਤ ਕਰਦੇ ਸਨ। ਉਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ। ਉਸ ਸਮੇਂ ਇਲਾਕੇ ਦੇ ਹਿੰਮਤੀ ਯੋਧੇ ਦੁੱਲੇ ਭੱਟੀ ਨੇ ਇਸ ਦਾ ਵਿਰੋਧ ਕੀਤਾ। ਇਹੀ ਨਹੀਂ ਉਸ ਨੇ ਗੁਲਾਮ ਬਣਾਈਆਂ ਜਾ ਰਹੀਆਂ ਲੜਕੀਆਂ ਨੂੰ ਛੁਡਵਾਇਆ ਅਤੇ ਉਨ੍ਹਾਂ ਦਾ ਵਿਆਹ ਕਰਵਾਇਆ।
ਦੁੱਲਾ ਭੱਟੀ ਨੂੰ ਰਾਜਪੂਤ ਘਰਾਣੇ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ, ਇੰਨਾ ਹੀ ਨਹੀਂ ਹਿੰਦੂ ਭਾਈਚਾਰੇ ਵਿੱਚ ਲੋਹੜੀ ਦੇ ਤਿਉਹਾਰ ਨੂੰ ਧਰਮ ਦੇ ਨਾਂਅ ਨਾਲ ਜੋੜ ਕੇ ਵੀ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਮਾਰਨ ਲਈ ਉਸ ਦੇ ਮਾਮਾ ਕੰਸ ਨੇ ਲੋਹਿਤਾ ਨਾਮੀ ਰਾਕਸ਼ਸੀ ਨੂੰ ਗੋਕੁਲ ਭੇਜਿਆ ਸੀ ਅਤੇ ਜਦੋਂ ਉਹ ਸ੍ਰੀ ਕ੍ਰਿਸ਼ਨ ਭਗਵਾਨ ਨੂੰ ਮਾਰਨ ਆਈ ਤਾਂ ਤਾਂ ਖੇਡ ਖੇਡ ਵਿੱਚ ਸ੍ਰੀ ਕ੍ਰਿਸ਼ਨ ਭਗਵਾਨ ਨੇ ਉਸ ਨੂੰ ਮਾਰ ਮੁਕਾਇਆ।
ਲੋਹੜੀ ਮੌਕੇ ਪਰੰਪਰਾਵਾਂ :ਲੋਹੜੀ ਮੌਕੇ ਵਿਸ਼ੇਸ਼ ਤੌਰ ਤੇ ਅੱਗ ਬਾਲ ਕੇ ਉਸ ਵਿਚ ਤਿਲ ਗੁੜ ਅਤੇ ਮੱਕੀ ਦਾ ਭੋਗ ਲਗਾਇਆ ਜਾਂਦਾ ਹੈ, ਇਸ ਦੌਰਾਨ ਲੜਕੀਆਂ ਇਕੱਠੀਆਂ ਹੋ ਕੇ ਗਿੱਧਾ ਤੇ ਬੋਲੀਆਂ ਪਾਉਂਦੀਆਂ ਹਨ। ਦੁੱਲੇ ਭੱਟੀ ਦੇ ਗਾਣੇ ਗਾਏ ਜਾਂਦੇ ਹਨ। ਇੰਨਾ ਹੀ ਨਹੀਂ ਜਿਸ ਦੇ ਘਰ ਮੁੰਡੇ ਦਾ ਜਨਮ ਹੁੰਦਾ ਹੈ ਉਸ ਦੀ ਵੱਡੀ ਭਰਜਾਈ ਵੀ ਲੋਹੜੀ ਮੌਕੇ ਆਪਣੀ ਦਰਾਣੀ ਨੂੰ ਵਧਾਈ ਦਿੰਦੀ ਹੈ ਪਰ ਹੁਣ ਲੋਕ ਧੀਆਂ ਦੀ ਲੋਹੜੀ ਵੀ ਮਨਾਉਣ ਲੱਗ ਪਏ ਹਨ। ਇਸ ਤੋਂ ਇਲਾਵਾ ਲੋਹੜੀ ਮੌਕੇ ਲੋਕ ਵਿਆਹੀ ਹੋਈ ਲੜਕੀਆਂ ਨੂੰ ਲੋਹੜੀ ਦੇਣ ਵੀ ਜਾਂਦੇ ਹਨ।