ਮ੍ਰਿਤਕ ਦਾ ਲੜਕਾ ਅਤੇ ਪੁਲਿਸ ਜਾਂਚ ਅਧਿਕਾਰੀ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ। ਲੁਧਿਆਣਾ :ਲੁਧਿਆਣਾ ਦੇ ਸਲੇਮ ਟਾਬਰੀ ਜਲੰਧਰ ਬਾਈਪਾਸ ਨੇੜੇ ਅੱਜ ਇੱਕ ਸੜਕ ਹਾਦਸੇ ਦੌਰਾਨ ਸੇਵਾ ਮੁਕਤ ਮੁਲਾਜ਼ਮ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਜਦੋਂ ਇਹ ਹਾਦਸਾ ਵਾਪਰਿਆ ਉਹ ਆਪਣੇ ਘਰ ਪੁਲਿਸ ਲਾਈਨ ਤੋਂ ਵਾਪਿਸ ਆ ਰਿਹਾ ਸੀ, ਉਸ ਨੂੰ ਟਰੱਕ ਨੇ ਕੁਚਲ ਦਿੱਤਾ। ਜਿਕਰਯੋਗ ਹੈ ਕਿ 2010 ਦੇ ਵਿੱਚ ਪੁਲਿਸ ਮੁਲਾਜ਼ਮ ਸੇਵਾ ਮੁਕਤ ਹੋਇਆ ਸੀ ਅਤੇ ਅੱਜ ਸਵੇਰੇ ਉਸ ਨੂੰ ਕਾਰਪੋਰੇਸ਼ਨ ਦੇ ਟਰੱਕ ਨੇ ਕੁਚਲ ਦਿੱਤਾ।
ਟਰੱਕ ਉੱਤੇ ਨਹੀਂ ਲੱਗੀ ਹੋਈ ਸੀ ਕੋਈ ਨੰਬਰ ਪਲੇਟ :ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੇਵਾ ਮੁਕਤ ਮੁਲਾਜਮ ਨੂੰ ਕੁਚਲਣ ਤੋਂ ਬਾਅਦ ਟਰੱਕ ਦਾ ਮੁਲਾਜ਼ਮ ਫਰਾਰ ਹੋ ਗਿਆ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜਿਸ ਟਰੱਕ ਨੇ ਸੇਵਾ ਮੁਕਤ ਮੁਲਾਜ਼ਮ ਨੂੰ ਕੁਚਲਿਆ ਹੈ ਉਸ ਉੱਤੇ ਕੋਈ ਵੀ ਨੰਬਰ ਪਲੇਟ ਵੀ ਨਹੀਂ ਹੈ। ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਅਤੇ ਉਹਨਾਂ ਨੇ ਮੁਲਜ਼ਮ ਖਿਲਾਫ ਕਾਰਵਾਈ ਦੀ ਗੱਲ ਆਖੀ ਹੈ।
ਮ੍ਰਿਤਕ ਦੇ ਪਰਿਵਾਰ ਨੇ ਮੰਗੀ ਮੁਲਜ਼ਮ ਖਿਲਾਫ ਸਖਤ ਕਾਰਵਾਈ :ਜਾਣਕਾਰੀ ਮੁਤਾਬਿਕ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਮ੍ਰਿਤਕ ਮੁਲਾਜ਼ਮ ਦਾ ਨਾਂ ਤਿਲਕ ਰਾਜ ਸੀ। ਉਸ ਦੇ ਬੇਟੇ ਨੇ ਇਨਸਾਫ ਦੀ ਮੰਗ ਕੀਤੀ ਹੈ। ਪੁਲਿਸ ਨੇ ਕਿਹਾ ਹੈ ਕਿ ਜਲਦ ਹੀ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਦੂਜੇ ਪਾਸੇ ਮੌਕੇ ਉੱਤੇ ਹੀ ਮੁਲਜ਼ਮ ਟਰੱਕ ਵਾਲਾ ਨਗਰ ਨਿਗਮ ਦਾ ਟਰੱਕ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ, ਮ੍ਰਿਤਕ ਦੇ ਬੇਟੇ ਨੇ ਕਿਹਾ ਕਿ ਉਨ੍ਹਾ ਦੇ ਪਿਤਾ ਪੁਲਿਸ ਚੋਂ ਸੇਵਾ ਮੁਕਤ ਮੁਲਾਜ਼ਮ ਸਨ। ਸਵੇਰੇ ਉਹ ਸਾਇਕਲ ਉੱਤੇ ਪੁਲਿਸ ਲਾਈਨ ਤੋਂ ਵਾਪਿਸ ਘਰ ਆ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ।
ਥਾਣਾ ਬਸਤੀ ਜੋਧੇਵਾਲ ਦੇ ਐੱਸਐੱਚਓ ਹਰਜੀਤ ਸਿੰਘ ਨੇ ਕਿਹਾ ਕਿ ਮੁਲਾਜ਼ਮ ਦਾ ਨਾਂ ਤਿਲਕ ਰਾਜ ਸੀ। ਉਨ੍ਹਾ ਕਿਹਾ ਕਿ ਨਗਰ ਨਿਗਮ ਦੇ ਟਿੱਪਰ ਨੇ ਉਸ ਨੂੰ ਫੇਟ ਮਾਰੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।