ਸੇਵਾ ਮੁਕਤ ਅਧਿਕਾਰੀ ਨੇ ਆਪਣੀ ਪਤਨੀ ਦਾ ਕੀਤਾ ਕਤਲ ਲੁਧਿਆਣਾ:ਸ਼ਹਿਰ ਦੇ ਗੁਰਦੇਵ ਨਗਰ ਵਿੱਚ ਬੀਤੀ ਰਾਤ ਕਰਵਾ ਚੌਥ ਵਾਲੇ ਦਿਨ ਸੇਵਾ ਮੁਕਤ ਜ਼ਿਲ੍ਹਾ ਅਟਾਰਨੀ ਨੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਿਕ ਸੇਵਾ ਮੁਕਤ ਡੀਏ ਹਰਚਰਨ ਸਿੰਘ (85) ਆਪਣੀ ਪਤਨੀ ਮਨਜੀਤ ਕੌਰ ਨਾਲ ਗੁਰਦੇਵ ਨਗਰ ਇਲਾਕੇ ਵਿੱਚ ਰਹਿ ਰਿਹਾ ਸੀ। ਬੁੱਧਵਾਰ ਨੂੰ ਦੁਪਹਿਰ ਤੋਂ ਬਾਅਦ ਦੋਵਾਂ ਵਿਚਕਾਰ ਹੋਏ ਝਗੜੇ ਦੇ ਦੌਰਾਨ ਹਰਚਰਨ ਸਿੰਘ ਨੇ ਆਪਣੀ ਪਤਨੀ ਮਨਜੀਤ ਕੌਰ ਦੇ ਸਿਰ ਵਿੱਚ ਦਾਤ ਨਾਲ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਪੁੱਤਰ ਨੇ ਕੀਤੀ ਸ਼ਿਕਾਇਤ: ਇਸ ਤੋਂ ਬਾਅਦ ਜਖ਼ਮੀ ਨੂੰ ਹਸਪਤਾਲ ਲਿਜਾਇਆ ਗਿਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਮਨਜੀਤ ਕੌਰ ਦਮ ਤੋੜ ਚੁੱਕੀ ਸੀ। ਇਸ ਦੀ ਸ਼ਿਕਾਇਤ ਮ੍ਰਿਤਕ ਮਨਜੀਤ ਕੌਰ ਦੇ ਬੇਟੇ ਨੇ ਪੁਲਿਸ ਨੂੰ ਦਿੱਤੀ ਅਤੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ :ਥਾਣਾ ਮੁਖੀ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੀ ਪੁਲਿਸ ਨੇ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮੌਤ ਦੇ ਕਾਰਨ ਕੀ ਹਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਮਾਮਲਾ ਹਾਈ ਪ੍ਰੋਫਾਈਲ ਹੋਣ ਕਰਕੇ ਪੁਲਿਸ ਬਹੁਤਾ ਕੁਝ ਦੱਸਣ ਨੂੰ ਤਿਆਰ ਨਹੀਂ ਹੈ। ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਕਿਸ ਚੀਜ਼ ਨਾਲ ਹਮਲਾ ਕੀਤਾ ਇਹ ਪੋਸਟ ਮਾਰਟਮ ਰਿਪੋਰਟ ਤੋਂ ਪਤਾ ਲਗੇਗਾ। ਕਾਰਨ ਕੋਈ ਘਰੇਲੂ, ਆਪਸੀ ਲੜਾਈ ਜਾਂ ਫਿਰ ਡਿਪਰੈੱਸ਼ਨ ਕਾਰਨ ਵੀ ਹੋ ਸਕਦਾ ਹੈ।
ਪਰਿਵਾਰ ਨੇ ਕੁਝ ਬੋਲਣ ਤੋਂ ਕੀਤਾ ਇਨਕਾਰ:ਹਾਲਾਂਕਿ, ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਦੋਵੇਂ ਬਜ਼ੁਰਗ ਸਨ ਅਤੇ ਦੋਵਾਂ ਦੀ ਉਮਰ 80 ਸਾਲ ਦੇ ਨੇੜੇ-ਤੇੜੇ ਹੈ, ਪਰ ਮ੍ਰਿਤਕ ਦੇ ਪਰਿਵਾਰ ਨੇ ਮਾਮਲੇ ਵਿੱਚ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਅਤੇ ਘਰ ਦੀ ਕੋਈ ਵੀਡਿਓ ਬਣਾਉਣ ਅਤੇ ਮ੍ਰਿਤਕ ਮਾਂ ਦੀ ਤਸਵੀਰ ਦੇਣ ਤੋਂ ਵੀ ਸਾਫ ਇਨਕਾਰ ਕੀਤਾ ਹੈ। ਕਿਉਂਕਿ, ਕਰਵਾ ਚੌਥ ਹੋਣ ਕਰਕੇ ਮਾਮਲਾ ਲਗਾਤਾਰ ਮੀਡੀਆ ਵਿੱਚ ਸੁਰੱਖੀਆਂ ਬਣਿਆ ਹੋਇਆ ਹੈ।