ਲੁਧਿਆਣਾ: ਰਾਏਕੋਟ ਅਧੀਨ ਪੈਂਦੇ ਬਲਾਕ ਪੱਖੋਵਾਲ ਦੇ ਸੇਵਾਮੁਕਤ ਪੰਚਾਇਤ ਅਫ਼ਸਰ ਬਲਵੀਰ ਸਿੰਘ ਸਮੇਤ ਪਿੰਡ ਪਮਾਲ ਦੀ ਸਾਬਕਾ ਸਰਪੰਚ ਮਨਜੀਤ ਕੌਰ ਸਮੇਤ ਗਰਾਮ ਸੇਵਕ ਹਰਪ੍ਰੀਤ ਸਿੰਘ ਅਤੇ ਪੰਚਾਇਤ ਸਕੱਤਰ ਯੂਨੀਅਨ ਦੇ ਪ੍ਰਧਾਨ ਸੁਖਪਾਲ ਸਿੰਘ ਵਿਰੁੱਧ 30.77 ਲੱਖ ਸਰਕਾਰੀ ਧਨ ਗ਼ਬਨ ਕਰਨ ਦੇ ਦੋਸ਼ਾਂ ਅਧੀਨ ਥਾਣਾ ਸੁਧਾਰ ਦੀ ਪੁਲਿਸ ਵੱਲੋਂ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।
ਐਤਵਾਰ ਨੂੰ ਰਾਏਕੋਟ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਾਏਕੋਟ ਰੁਪਿੰਦਰਜੀਤ ਕੌਰ, ਜਿਨ੍ਹਾਂ ਕੋਲ ਪੱਖੋਵਾਲ ਬਲਾਕ ਦਾ ਵਾਧੂ ਚਾਰਜ ਹੈ, ਦੱਸਿਆ ਕਿ ਸੁਖਪਾਲ ਸਿੰਘ ਗਿੱਲ ਪ੍ਰਚਾਇਤ ਸਕੱਤਰ ਵੱਲੋਂ ਹਾਈਕੋਰਟ ਵਿੱਚ 2019 ਵਿੱਚ 16468 ਨੰਬਰ ਸਿਕਾਇਤ ਕੀਤੀ ਗਈ ਸੀ ਕਿ ਪਿੰਡ ਪਮਾਲ, ਪਿੰਡ ਪਮਾਲੀ, ਪਿੰਡ ਢੈਪਈ ਤੇ ਪਿੰਡ ਮਿੰਨੀ ਛਪਾਰ ਦੇ ਪੰਚਾਇਤੀ ਰਿਕਾਰਡ ਮਿਸਪਲੇਸ ਹੋਣ ਸਬੰਧੀ ਕੀਤੀ ਸੀ। ਜਿਸ ਦੀ ਜਾਂਚ ਸਬੰਧੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਕਾਰਜ ਅਫਸਰ(ਚੋਣ) ਮੁੱਖ ਦਫਤਰ ਮੋਹਾਲੀ, ਵਧੀਕ ਡਿਪਟੀ ਕਮਿਸ਼ਨਰ(ਵਿੱਤ), ਲੁਧਿਆਣਾ ਅਤੇ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਲੁਧਿਆਣਾ ਦੀ ਤਿੰਨ ਮੈਂਬਰੀ ਗਠਨ ਕੀਤੀ ਗਈ, ਜਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਪਿੰਡ ਪਮਾਲ ਦੇ ਖਾਤਿਆਂ ਵਿੱਚ ਗਬਨ ਹੋਣ ਦੀ ਗੱਲ ਸਾਹਮਣੇ ਆਈ ਹੈ। ਜਿਸ ਤਹਿਤ ਤੱਤਕਾਲੀ ਬੀਡੀਪੀਓ ਪੱਖੋਵਾਲ ਬਲਵੀਰ ਸਿੰਘ, ਪੰਚਾਇਤ ਸਕੱਤਰ ਸੁਖਬੀਰ ਸਿੰਘ ਗਿੱਲ, ਹਰਪ੍ਰੀਤ ਸਿੰਘ ਵੀਡੀਪੀ ਖਿਲਾਫ਼ ਕਾਰਵਾਈ ਕਰਨ ਲਈ ਭੇਜਿਆ ਗਿਆ।