ਕੌਡੀਆਂ ਦੇ ਭਾਅ ਸਬਜ਼ੀਆਂ ਲੈ ਕੇ ਮਹਿੰਗੇ ਭਾਅ ਵੇਚ ਰਹੇ ਰਿਟੇਲਰ ਲੁਧਿਆਣਾ :ਪੰਜਾਬ ਵਿੱਚ ਪੈ ਰਹੀ ਗਰਮੀ ਦਾ ਅਸਰ ਸਬਜ਼ੀਆਂ ਦੀ ਵਿਕਰੀ ਉਤੇ ਪੈ ਰਿਹਾ ਹੈ। ਹਾਲਾਤ ਇਹ ਹੋ ਚੁੱਕੇ ਨੇ ਕਿ ਕਿਸਾਨਾਂ ਨੂੰ ਆਪਣਾ ਲਾਗਤ ਮੁੱਲ ਵੀ ਵਾਪਸ ਨਹੀਂ ਮਿਲ ਰਿਹਾ। ਖਾਸ ਕਰਕੇ ਜਿਨ੍ਹਾਂ ਕਿਸਾਨਾਂ ਵੱਲੋਂ ਸ਼ਿਮਲਾ ਮਿਰਚ, ਟਮਾਟਰ ਅਤੇ ਗੋਭੀ ਵਰਗੀਆਂ ਸਬਜ਼ੀਆਂ ਲਗਾਈਆਂ ਗਈਆਂ ਸਨ, ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ। ਗਾਹਕ ਨਾ ਹੋਣ ਕਰਕੇ ਉਹਨਾਂ ਨੂੰ ਭੰਗ ਦੇ ਭਾਅ ਆਪਣੀਆਂ ਸਬਜ਼ੀਆਂ ਵੇਚਣੀਆਂ ਪੈ ਰਹੀਆਂ ਹਨ, ਜਿਸ ਕਾਰਨ ਉਹ ਜ਼ਿਆਦਾ ਲਾਗਤ ਮੁੱਲ ਵੀ ਪੂਰਾ ਨਹੀਂ ਪੈ ਰਿਹਾ।
ਕਿਸਾਨਾਂ ਦੀ ਲਾਗਤ ਵੀ ਨਹੀਂ ਹੋ ਰਹੀ ਪੂਰੀ :ਸਭ ਤੋਂ ਮਾੜੇ ਹਾਲਾਤ ਟਮਾਟਰ, ਗੋਭੀ ਅਤੇ ਸ਼ਿਮਲਾ ਮਿਰਚ ਦੇ ਹਨ। ਹਿਮਾਚਲ ਤੋਂ ਆਉਣ ਵਾਲਾ ਹਰਾ ਮਟਰ ਵੀ ਨਹੀਂ ਵਿਕ ਰਿਹਾ। ਹਰੇ ਮਟਰ ਦੀ ਕੀਮਤ ਇਨ੍ਹਾਂ ਦਿਨਾਂ ਦੇ ਵਿਚ ਜਿੱਥੇ 50 ਤੋਂ 60 ਰੁਪਏ ਪ੍ਰਤੀ ਕਿਲੋਂ ਹੁੰਦੀ ਸੀ ਉਹ ਹੁਣ 15 ਤੋਂ 20 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ। ਗਰਮੀਆਂ ਕਰਕੇ ਸਬਜ਼ੀਆਂ ਜਲਦੀ ਖਰਾਬ ਹੋ ਜਾਂਦੀਆਂ ਹਨ। ਖਾਸ ਕਰਕੇ ਟਮਾਟਰ 3 ਤੋਂ 4 ਦਿਨ ਕੱਟਦਾ ਹੈ ਉਸ ਤੋਂ ਬਾਅਦ ਕਾਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਇਸ ਮੰਡੀ ਦੇ ਵਿੱਚ ਜਿੰਨਾ ਵੀ ਰੇਟ ਮਿਲਦਾ ਹੈ ਕਿਸਾਨ ਉਹ ਲੈ ਕੇ ਚਲੇ ਜਾਂਦੇ ਹਨ। ਸਬਜ਼ੀਆਂ ਨਾ ਵਿਕਣ ਕਰਕੇ ਕਿਸਾਨਾਂ ਨੂੰ ਮੰਡੀ ਵਿੱਚ ਲੱਗਣ ਵਾਲੀਆਂ ਪਰਚੀਆਂ ਵੀ ਵਾਧੂ ਬੋਝ ਲੱਗ ਰਹੀਆਂ ਨੇ।
ਕੌਡੀਆਂ ਦੇ ਭਾਅ ਸਬਜ਼ੀਆਂ ਲੈ ਕੇ ਮਹਿੰਗੇ ਭਾਅ ਵੇਚ ਰਹੇ ਰਿਟੇਲਰ ਕਿਸਾਨਾਂ ਦੇ ਪੱਲੇ ਨਹੀਂ ਪੈ ਰਿਹਾ ਕੁੱਝ :ਜਲੰਧਰ ਤੋਂ ਆਏ ਇਕ ਸਬਜ਼ੀ ਵਿਕਰੇਤਾ ਨੇ ਦੱਸਿਆ ਕਿ ਜਲੰਧਰ ਵਿੱਚ ਸਬਜ਼ੀ ਨਹੀਂ ਵਿਕ ਰਹੀ। ਇਸ ਕਰਕੇ ਉਹ ਇਹ ਸੋਚ ਕੇ ਲੁਧਿਆਣਾ ਆਇਆ ਸੀ ਕਿ ਸ਼ਾਇਦ ਉਸ ਦੀ ਸਬਜ਼ੀ ਦਾ ਉਸ ਨੂੰ ਇਥੇ ਸਹੀ ਮੁੱਲ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਗੋਭੀ ਲੈ ਕੇ ਆਇਆ ਸੀ 3 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਗੋਭੀ ਦਾ ਮੁੱਲ ਮਿਲ ਰਿਹਾ ਹੈ, ਜਦਕਿ 1.5 ਰੁ ਪ੍ਰਤੀ ਕਿਲੋ ਉਸ ਨੂੰ ਇਸ ਦਾ ਕਿਰਾਇਆ ਪੈ ਗਿਆ ਹੈ। ਇਸ ਤੋਂ ਇਲਾਵਾ ਸਬਜ਼ੀ ਮੰਡੀ ਵਿਚ ਗੱਡੀ ਖੜ੍ਹੀ ਕਰਨ ਦੇ 200 ਰੁਪਏ ਪ੍ਰਤੀ ਲੱਗੀ ਹੈ, ਵਿਚ ਆੜ੍ਹਤੀ ਵੀ ਆਪਣੀ ਆੜ੍ਹਤ ਕੱਢ ਲੈਂਦਾ ਹੈ। ਕਿਸਾਨ ਦੇ ਪੱਲੇ ਕੁਝ ਵੀ ਨਹੀਂ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਹਲਾਤ ਸ਼ਿਮਲਾ ਮਿਰਚ, ਟਮਾਟਰ, ਹਰੇ ਮਟਰ, ਭਿੰਡੀ ਅਤੇ ਤੋਰੀ ਦੇ ਹਨ। ਇਨ੍ਹਾਂ ਸਬਜ਼ੀਆਂ ਨੂੰ ਸਟੋਰ ਵੀ ਨਹੀਂ ਕਰ ਸਕਦੇ ਕਿਉਂਕਿ ਤੋੜਨ ਤੋਂ ਬਾਅਦ ਇਨ੍ਹਾਂ ਦੀ ਲਾਈਫ ਬਹੁਤ ਘੱਟ ਹੁੰਦੀ ਹੈ। ਸਬਜ਼ੀ ਵਿਕ੍ਰੇਤਾਵਾਂ ਨੇ ਕਿਹਾ ਹੈ ਕਿ ਸਾਨੂੰ ਲਾਗਤ ਮੁੱਲ ਵੀ ਪੂਰੇ ਨਹੀਂ ਪੈ ਰਹੇ, ਮੰਡੀ ਵਿੱਚ ਲਿਆ ਕੇ ਸਬਜ਼ੀ ਵੇਚਣ ਨਾਲ ਹੀ ਜੇਕਰ ਉਹ ਆਪਣੇ ਖੇਤਾਂ ਵਿੱਚ ਵਾਹ ਦੇਣ ਤਾਂ ਸ਼ਾਇਦ ਉਨ੍ਹਾਂ ਦੇ ਆਉਣ ਜਾਣ ਦਾ ਸ਼ਬਜ਼ੀ ਤੋੜਨ ਦਾ, ਵਰਕਰ ਰਖਣ ਦਾ ਖਰਚਾ ਬਚ ਜਾਵੇ।
ਮੰਡੀ ਤੋਂ ਘਰ ਤਕ ਪਹੁੰਚਦਿਆਂ ਤਿੰਨ ਗੁਣਾ ਵੱਧ ਜਾਂਦੀਆਂ ਨੇ ਕੀਮਤਾਂ :ਇਕ ਪਾਸੇ ਜਿੱਥੇ ਵੱਡੀਆਂ ਮੰਡੀਆਂ ਵਿੱਚ ਸਬਜ਼ੀਆਂ ਰੁਲ਼ ਰਹੀਆਂ ਨੇ ਉਥੇ ਹੀ ਦੂਜੇ ਪਾਸੇ ਆਮ ਘਰਾਂ ਤਕ ਪਹੁੰਚਦਿਆਂ ਹੋਇਆਂ ਇਸ ਸਬਜ਼ੀ ਦੀ ਕੀਮਤ ਤਿੰਨ ਗੁਣਾ ਵਧ ਜਾਂਦੀ ਹੈ। ਰੇਹੜੀ ਅਤੇ ਫੜੀਆਂ ਵਾਲੇ ਮੰਡੀ ਤੋਂ ਸਸਤੀ ਸਬਜ਼ੀ ਲਿਆ ਕੇ ਮਹਿੰਗੇ ਮੁੱਲ ਉਤੇ ਵੇਚਦੇ ਹਨ ਅਤੇ ਤਿੰਨ ਗੁਣਾ ਮੁਨਾਫਾ ਕਮਾ ਰਹੇ ਹਨ, ਜਦਕਿ ਸਬਜ਼ੀਆਂ ਉਗਾਉਣ ਵਾਲਾ ਕਿਸਾਨ ਜੋ ਕਿ ਕਈ ਕਈ ਮਹੀਨੇ ਸਬਜ਼ੀਆਂ ਨੂੰ ਪਾਲਦਾ ਹੈ ਪਾਣੀ ਦਿੰਦਾ ਹੈ, ਉਸ ਦੀ ਸਾਂਭ-ਸੰਭਾਲ ਰੱਖਦਾ ਹੈ, ਜਿਨ੍ਹਾਂ ਕੋਲ ਆਪਣੀ ਜ਼ਮੀਨ ਨਹੀਂ ਉਹ ਹਰ ਸਾਲ 60 ਤੋਂ 70 ਹਜ਼ਾਰ ਰੁਪਏ ਪ੍ਰਤੀ ਏਕੜ ਠੇਕਾ ਦੇ ਰਹੇ ਨੇ ਉਹਨਾਂ ਨੂੰ ਲਾਗਤ ਮੁੱਲ ਵੀ ਨਹੀਂ ਮਿਲ ਰਿਹਾ।
ਕਿਸਾਨਾਂ ਅਤੇ ਆਮ ਆਦਮੀ ਦੋਵੇਂ ਹੀ ਪਰੇਸ਼ਾਨ ਹਨ, ਕਿਉਂਕਿ ਆਮ ਵਿਅਕਤੀ ਕਿਸਾਨ ਕੋਲੋਂ ਸਿੱਧੀ ਸਸਤੇ ਭਾਅ ਉਤੇ ਸਬਜ਼ੀ ਨਹੀਂ ਖਰੀਦ ਸਕਦਾ ਕਿਉਂਕਿ ਉਹਨਾਂ ਨੂੰ ਥੋੜ੍ਹੀ ਸਬਜ਼ੀ ਦੀ ਲੋੜ ਹੁੰਦੀ ਹੈ ਉਥੇ ਤੇ ਦੂਜੇ ਪਾਸੇ ਕਿਸਾਨ ਲੋਕਾਂ ਦੇ ਘਰਾਂ ਤੱਕ ਪਹੁੰਚ ਨਹੀਂ ਕਰ ਸਕਦਾ ਉਸ ਨੂੰ ਖਰਚ ਜ਼ਿਆਦਾ ਪੈ ਜਾਂਦੇ ਹਨ। ਸਬਜ਼ੀਆਂ ਸਸਤੀਆਂ ਹੋਣ ਦੇ ਬਾਵਜੂਦ ਲੋਕਾਂ ਦੇ ਘਰਾਂ ਵਿੱਚ ਪਹੁੰਚਣ ਤਕ ਇਸ ਦੀਆਂ ਕੀਮਤਾਂ ਵਧ ਜਾਂਦੀਆਂ ਨੇ।
ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਨੇ ਰਿਟੇਲ ਵਾਲੇ :ਮੰਡੀ ਵਿੱਚ ਸਬਜ਼ੀ ਵਿਕ੍ਰੇਤਾਵਾਂ ਦਾ ਕਹਿਣਾ ਹੈ ਕਿ ਜਦੋਂ ਵੀ ਪੰਜਾਬ ਦੀ ਸਬਜ਼ੀ ਮੰਡੀ ਵਿੱਚ ਆਉਂਦੀ ਹੈ ਤਾਂ ਕੀਮਤਾਂ ਬਹੁਤ ਘੱਟ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਫ਼ਸਲੀ ਚੱਕਰ ਚੋਂ ਨਿਕਲਣ ਲਈ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ, ਪਰ ਜਦੋਂ ਸਬਜ਼ੀ ਮੰਡੀ ਵਿੱਚ ਲੈ ਕੇ ਆਉਂਦੇ ਹਨ ਤਾਂ ਉਨ੍ਹਾਂ ਦੀਆਂ ਕੀਮਤਾਂ ਘੱਟ ਜਾਂਦੀਆਂ ਹਨ, ਕਿਉਂਕਿ ਡਿਮਾਂਡ ਨਾਲੋਂ ਸਬਜ਼ੀ ਜ਼ਿਆਦਾ ਆ ਜਾਂਦੀ ਹੈ ਅਤੇ ਫਿਰ ਉਸ ਦੇ ਖਰੀਦਦਾਰ ਨਹੀਂ ਮਿਲਦੇ। ਇਨ੍ਹਾਂ ਕਰਨਾਂ ਕਰਕੇ ਕਿਸਾਨ ਨੂੰ ਸਸਤੀਆਂ ਕੀਮਤਾਂ ਉਤੇ ਸਬਜ਼ੀ ਵੇਚਣੀ ਪੈਂਦੀ ਹੈ। ਉਹ ਇਸ ਸਬਜ਼ੀ ਨੂੰ ਜ਼ਿਆਦਾ ਦੇਰ ਰੱਖ ਨਹੀਂ ਸਕਦੇ, ਜਿਸ ਦਾ ਫਾਇਦਾ ਰਿਟੇਲ ਵਿੱਚ ਵੇਚਣ ਵਾਲੇ ਚੁੱਕਦੇ ਹਨ ਸਸਤੀ ਸਬਜ਼ੀ ਲੈ ਕੇ ਅੱਗੇ ਮਹਿੰਗੀ ਵੇਚਦੇ ਹਨ। ਗਰਮੀਆਂ ਦੇ ਵਿਚ ਜ਼ਿਆਦਾਤਰ ਨਿੰਬੂ ਹੀ ਸਭ ਤੋਂ ਮਹਿੰਗਾ ਵਿਕਦਾ ਹੈ, ਕਿਉਂਕਿ ਨਿੰਬੂ ਦੀ ਡਿਮਾਂਡ ਵਧੇਰੇ ਹੋਣ ਕਰਕੇ ਉਸ ਦੀ ਖਪਤ ਹਮੇਸ਼ਾ ਹੀ ਵੱਧ ਰਹਿੰਦੀ ਹੈ, ਜਿਸ ਕਰਕੇ ਨਿੰਬੂ ਵੇਚਣ ਵਾਲੇ ਨੂੰ ਮਨ-ਭਾਉਂਦਾ ਮੁੱਲ ਵਿਕ ਜਾਂਦਾ ਹੈ, ਪਰ ਬਾਕੀ ਸਬਜ਼ੀਆਂ ਨੂੰ ਕੋਈ ਨਹੀਂ ਪੁੱਛਦਾ।