ਲੁਧਿਆਣਾ: ਦੇਸ਼ ਵਿੱਚ 17 ਲੱਖ ਟਨ ਦੁੱਧ ਦਾ ਉਤਪਾਦਨ ਹੋ ਰਿਹਾ ਹੈ, ਜਦਕਿ ਦੂਜੇ ਪਾਸੇ 62 ਲੱਖ ਟੱਨ ਦੁੱਧ ਦੀ ਖਪਤ ਹੈ। ਰੁਮਾਨੀਆ ਦੇਸ਼ ਵਿੱਚ ਉਤਪਾਦਨ ਲਗਭਗ ਤਿੰਨ ਗੁਣਾਂ ਜ਼ਿਆਦਾ ਖਪ਼ਤ ਹੈ ਅਤੇ ਇਹ ਖਪਤ ਪੂਰੀ ਵੀ ਹੋ ਰਹੀ ਹੈ, ਜਿਸ ਨੂੰ ਲੈ ਕੇ ਮਾਹਰਾਂ ਦਾ ਮੰਨਣਾ ਹੈ ਕਿ 60 ਫ਼ੀਸਦੀ ਤੋਂ ਵਧੇਰੇ ਦੁੱਧ ਪੂਰੇ ਦੇਸ਼ ਵਿੱਚ ਨਕਲੀ ਅਤੇ ਮਿਲਾਵਟੀ ਹੈ। ਅੱਜ ਇਸ ਮੁੱਦੇ ਨੂੰ ਲੈ ਕੇ ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ ਵਿੱਚ ਕੇਂਦਰੀ ਪਸ਼ੂ ਪਾਲਕ ਮੰਤਰੀ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਪਹੁੰਚੇ ਹੋਏ ਸਨ, ਜਿਨ੍ਹਾਂਦ ਨੇ ਇਸ ਮੁੱਦੇ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਵਿਸ਼ਵ ਸਿਹਤ ਸੰਗਠਨ ਵੱਲੋਂ ਕੁਝ ਸਮੇਂ ਪਹਿਲਾਂ ਦਿੱਤੀ ਗਈ ਇੱਕ ਰਿਪੋਰਟ ਦੇ ਮੁਤਾਬਕ ਸਾਲ 2025 ਤੱਕ ਜੇਕਰ ਭਾਰਤ ਦੇ ਵਿੱਚ ਇਸੇ ਤਰ੍ਹਾਂ ਦੁੱਧ ਦੀ ਖ਼ਪਤ ਰਹੀ, ਤਾਂ 87 ਫ਼ੀਸਦੀ ਆਬਾਦੀ ਕੈਂਸਰ ਦੀ ਲਪੇਟ ਵਿੱਚ ਹੋਵੇਗੀ।
ਉਤਪਾਦਨ ਘੱਟ, ਖ਼ਪਤ ਜ਼ਿਆਦਾ, ਪੂਰਤੀ ਕਿਵੇਂ?: ਪੰਜਾਬ ਵਿੱਚ 9 ਲੱਖ ਕਰੋੜ ਰੁਪਏ ਦੁੱਧ ਦਾ ਕਾਰੋਬਾਰ ਸਾਲਾਨਾ ਹੈ, ਜਿਸ ਦਾ ਖ਼ੁਲਾਸਾ ਪੰਜਾਬ ਦੇ ਕੈਬਨਿਟ ਮੰਤਰੀ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇਸ਼ ਦੇ ਕੁੱਲ ਉਤਪਾਦਨ ਦੇ ਵਿੱਚ 6 ਫੀਸਦੀ ਦਾ ਹਿੱਸੇਦਾਰ ਹੈ, ਜਦਕਿ ਭੂਗੋਲਿਕ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦਾ 1.55 ਫੀਸਦੀ ਹਿੱਸਾ ਪੰਜਾਬ ਦੇ ਕੋਲ ਹੈ, ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਪ੍ਰਤੀ ਵਿਅਕਤੀ ਔਸਤ ਨੂੰ ਭਾਰਤ ਦੇ ਵਿੱਚ 450 ਗ੍ਰਾਮ ਦੁੱਧ ਦਾ ਉਤਪਾਦਨ ਹੋ ਰਿਹਾ ਹੈ। ਜਦਕਿ, ਪੰਜਾਬ ਵਿੱਚ ਔਸਤਨ ਪ੍ਰਤੀ ਵਿਅਕਤੀ 1 ਕਿਲੋ, 750 ਗ੍ਰਾਮ ਦੁੱਧ ਦੀ ਪੈਦਾਵਾਰ ਹੈ। ਪਰ, ਇਸ ਦੇ ਬਾਵਜੂਦ ਦੇਸ਼ ਵਿੱਚ ਦੁੱਧ ਦੀ ਖ਼ਪਤ ਇਸ ਤੋਂ ਕਿਤੇ ਜ਼ਿਆਦਾ ਹੈ।
ਦੁੱਧ ਵਿੱਚ ਹੋ ਰਹੀ ਮਿਲਾਵਟ:ਪੰਜਾਬ ਵਿੱਚ ਦੁੱਧ ਦੇ 41 ਫ਼ੀਸਦੀ ਸੈਂਪਲ ਫੇਲ੍ਹ ਹੋਏ ਹਨ। ਐਫਡੀਆਈ ਵੱਲੋਂ ਤਿਆਰ ਇਕ ਰਿਪੋਰਟ ਦੇ ਮੁਤਾਬਕ ਦੁੱਧ ਦੇ ਲਏ ਗਏ 676 ਨਮੂਨਿਆਂ ਵਿੱਚੋਂ 278 ਸੈਂਪਲ ਫੇਲ੍ਹ ਪਾਏ ਗਏ ਹਨ। ਭਾਰਤੀ ਵਿਗਿਆਨ ਅਤੇ ਤਕਨੀਕੀ ਵਿਭਾਗ ਦੀ ਰਿਪੋਰਟ ਦੇ ਮੁਤਾਬਕ 89.2 ਫ਼ੀਸਦੀ ਦੁੱਧ ਦੇ ਉਤਪਾਦਨ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਮਿਲਾਵਟ ਪਾਈ ਗਈ ਹੈ। ਦੇਸ਼ ਵਿੱਚ 14 ਕਰੋੜ ਲੀਟਰ ਦੁੱਧ ਦਾ ਉਤਪਾਦਨ ਹੋ ਰਿਹਾ ਹੈ, ਜਦਕਿ 65 ਕਰੋੜ ਲੀਟਰ ਦੁੱਧ ਦੀ ਖ਼ਪਤ ਹੋ ਰਹੀ ਹੈ। ਬਾਕੀ ਦੇ ਦੁੱਧ ਵਿੱਚ ਮਿਲਾਵਟ ਹੈ, ਇਹ ਸਾਫ਼ ਹੋ ਚੁੱਕਾ ਹੈ। ਇਹੀ ਕਾਰਨ ਹੈ ਕਿ ਅੱਜ ਗੁਰੂ ਅੰਗਦ ਦੇਵ ਵੈਟਨਰੀ ਸਾਈਂਸ ਅਤੇ ਐਨੀਮਲ ਯੂਨੀਵਰਸਿਟੀ ਦੇ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਕੇਂਦਰੀ ਪਸ਼ੂ ਪਾਲਕ ਮੰਤਰੀ ਤੋਂ ਮੰਗ ਕੀਤੀ ਕਿ ਦੁੱਧ ਦੇ ਵਿੱਚ ਮਿਲਾਵਟ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ।