ਲੁਧਿਆਣਾ: ਨਵਾਂ ਸਾਲ 2022 (happy new year 2022 ) ਨੂੰ ਲੈਕੇ ਪੂਰੇ ਲੋਕਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਵੱਖ ਵੱਖ ਢੰਗ ਤਰੀਕਿਆਂ ਦੇ ਨਾਲ ਲੋਕਾਂ ਵੱਲੋਂ ਨਵਾਂ ਸਾਲ ਮਨਾਇਆ ਜਾ ਰਿਹਾ ਹੈ। ਇਸਦੇ ਚੱਲਦੇ ਹੀ ਨਵੇਂ ਸਾਲ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲੈਣ ਦੇ ਲਈ ਰਾਏਕੋਟ ਦੇ ਗੁਰਦੁਆਰਾ ਸ਼ਹੀਦਾਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਵਿਖੇ ਧਾਰਮਿਕ ਸਮਾਮਗ ਕਰਵਾਇਆ ਗਿਆ।
ਹਰ ਸਾਲ ਦੀ ਤਰ੍ਹਾਂ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪ੍ਰਧਾਨ ਜਗਦੇਵ ਸਿੰਘ ਗਰੇਵਾਲ ਦੀ ਦੇਖ-ਰੇਖ ਹੇਠ 13ਵਾਂ ਮਹਾਨ ਕੀਰਤਨ ਦਰਬਾਰ "ਨਵਾਂ ਸਾਲ ਗੁਰੂ ਦੇ ਨਾਲ" 31 ਦਸੰਬਰ 2021, ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਭਾਰੀ ਧਾਰਮਿਕ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਕਰਵਾਇਆ ਗਿਆ।
ਨਵਾਂ ਸਾਲ ਗੁਰੂ ਦੇ ਨਾਲ ਧਾਰਮਿਕ ਸਮਾਗਮ ਕਰਵਾਇਆ ਇਸ ਸਮਾਗਮ ਵਿੱਚ ਇਤਿਹਾਸਕ ਗੁਰਦੁਆਰਾ ਜੋਤੀ ਸਰੂਪ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਕਥਾ ਵਿਚਾਰਾਂ ਰਾਹੀਂ ਗੁਰ ਇਤਿਹਾਸ ਨਾਲ ਜੋੜਿਆ। ਇਸ ਮੌਕੇ ਸੰਗਤਾਂ ਨੂੰ ਕਵੀਸ਼ਰੀ ਵਾਰਾਂ ਅਤੇ ਗੁਰਬਾਣੀ ਕੀਰਤਨ ਸੁਣਾ ਨਿਹਾਲ ਕੀਤਾ ਗਿਆ।
ਇਸ ਮੌਕੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਇਲਾਕੇ ਦੇ ਹੋਰਨਾਂ ਮੋਹਤਵਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਚਰਨਾਂ ਨਾਲ ਜੁੜ ਕੇ ਨਵੇਂ ਸਾਲ ਦਾ ਸਵਾਗਤ ਕੀਤਾ। ਇਸ ਮੌਕੇ ਧਾਰਮਿਕ ਆਗੂਆਂ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਸੰਗਤ ਵੱਲੋਂ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਸੰਗਤ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹਨ।
ਇਹ ਵੀ ਪੜ੍ਹੋ:ਨਵੇਂ ਸਾਲ ਮੌਕੇ ਸੰਗਤ ਸ੍ਰੀ ਦਰਬਾਰ ਸਾਹਿਬ ਹੋ ਰਹੀ ਨਤਮਸਤਕ