ਲੁਧਿਆਣਾ: ਪੰਜਾਬ ਵਿੱਚ ਪਹਿਲਾਂ ਕੋਰੋਨਾ ਕਰਕੇ ਅਤੇ ਹੁਣ ਗਰਮੀ ਕਰਕੇ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਂਦੇ ਦਿਨਾਂ ਵਿੱਚ ਤਾਪਮਾਨ ਵੱਧ ਸਕਦਾ ਹੈ ਤੇ ਗਰਮੀ ਦੇ ਨਾਲ-ਨਾਲ ਲੂ ਵੀ ਚੱਲ ਸਕਦੀ ਹੈ। ਇਸ ਕਰਕੇ ਮੌਸਮ ਵਿਭਾਗ ਨੇ 28 ਮਈ ਤੱਕ ਅਲਰਟ ਜਾਰੀ ਕੀਤਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਇਸ ਦੀ ਤਸਦੀਕ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਪਾਰਾ ਵੱਧ ਸਕਦਾ ਹੈ, ਹਾਲਾਂਕਿ ਉਨ੍ਹਾਂ ਕਿਹਾ ਕਿ ਮਈ ਮਹੀਨੇ ਵਿੱਚ ਜ਼ਿਆਦਾਤਰ ਮੌਸਮ ਅਜਿਹਾ ਹੀ ਹੁੰਦਾ ਹੈ ਪਰ ਬੀਤੇ ਦਿਨੀਂ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਵਿੱਚ ਤਬਦੀਲੀ ਰਹੀ। ਇਸ ਕਰਕੇ ਗਰਮੀ ਮਈ ਮਹੀਨੇ ਦੇ ਅਖੀਰ ਵਿੱਚ ਵਧੀ ਹੈ।
ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਵਧ ਸਕਦੀ ਹੈ ਤੇ ਲੂ ਵੀ ਵਧੇਗੀ। ਪੰਜਾਬ ਦੇ ਕੁਝ ਇਲਾਕਿਆਂ ਵਿੱਚ ਪਾਰਾ 47 ਡਿਗਰੀ ਤੱਕ ਵੀ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮੌਸਮ ਦੌਰਾਨ ਲੋਕ ਜੇਕਰ ਘਰੋਂ ਬਾਹਰ ਘੱਟ ਨਿਕਲਣ ਤਾਂ ਜ਼ਿਆਦਾ ਚੰਗਾ ਹੈ। ਗਰਮੀ ਦੇ ਦੌਰਾਨ ਲੋਕਾਂ ਨੂੰ ਸਿਰਦਰਦ, ਉਲਟੀਆਂ ਅਤੇ ਡੀਹਾਈਡਰੇਸ਼ਨ ਦੀ ਬੀਮਾਰੀ ਹੋ ਸਕਦੀ ਹੈ ਜਿਸ ਲਈ ਵੱਧ ਤੋਂ ਵੱਧ ਤਰਲ ਪਦਾਰਥ ਵਰਤੇ ਜਾਣ।