ਲੁਧਿਆਣਾ: ਸੈਕਰੇਡ ਹਾਰਟ ਸਕੂਲ ‘ਚ ਪੜ੍ਹਨ ਵਾਲਾ ਕੁੰਵਰ ਪ੍ਰਤਾਪ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਹਿਜ਼ 3.5 ਸਾਲ ਦੀ ਉਮਰ ਵਿੱਚ ਉਸ ਨੇ ਵੱਡੇ-ਵੱਡੇ ਕੀਰਤੀਮਾਨ ਸਥਾਪਿਤ ਕਰ ਦਿੱਤੇ ਹਨ। ਕੁੰਵਰ ਨੇ ਇੰਡੀਆ ਬੁੱਕ ਆਫ਼ ਰਿਕਾਰਡ, ਏਸ਼ੀਆ ਬੁੱਕ ਆਫ ਰਿਕਾਰਡ, ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ‘ਚ ਆਪਣਾ ਦਰਜ ਕਰਵਾ ਲਿਆ ਹੈ। ਕੁੰਵਰ ਪ੍ਰਤਾਪ ਨੂੰ ਭਾਰਤ ਦੇ ਸਾਰਿਆਂ ਸੂਬਿਆਂ ਦੀਆਂ ਰਾਜਧਾਨੀਆਂ ਦੇ ਨਾਂ ਪਤਾ ਹੈ। 1-40 ਤੱਕ ਦੇ ਉਸ ਨੂੰ ਸਾਰੇ ਟੇਬਲ ਮੂੰਹ ਜ਼ੁਬਾਨੀ ਯਾਦ ਹਨ ਅਤੇ 27 ਕਿਤਾਬਾਂ ਉਹ 24 ਮਿੰਟ ਵਿਚ ਪੜ੍ਹ ਲੈਂਦਾ ਹੈ ਜਿਸ ਕਰਕੇ ਉਸ ਨੂੰ ਇਹ ਐਵਾਰਡ ਮਿਲੇ ਹਨ।
ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੁੰਵਰ ਪ੍ਰਤਾਪ ਦੀ ਮਾਤਾ ਨੇ ਦੱਸਿਆ ਕਿ ਛੋਟੇ ਹੁੰਦੇ ਤੋਂ ਹੀ ਉਸ ਦੀ ਯਾਦਾਸ਼ਤ ਕਾਫ਼ੀ ਤੇਜ਼ ਸੀ। ਉਨ੍ਹਾਂ ਦੱਸਿਆ ਕਿ ਉਸ ਨੂੰ ਹਰ ਚੀਜ਼ ਯਾਦ ਰਹਿੰਦੀ ਸੀ ਉਹ ਖੁਦ ਪੜ੍ਹਾਈ ਵਿੱਚ ਰੂਚੀ ਰੱਖਦਾ ਸੀ ਅਤੇ ਹਮੇਸ਼ਾ ਸਵਾਲ ਕਰਦਾ ਰਹਿੰਦਾ ਸੀ।