ਲੁਧਿਆਣਾ: ਪੰਜਾਬ ਵਿੱਚ ਚੋਣਾਂ ਨੂੰ ਲੈਕੇ ਈਟੀਵੀ ਭਾਰਤ ਦੀ ਟੀਮ ਪੰਜਾਬ ਦਾ ਦੌਰਾ ਕਰ ਰਹੀ ਹੈ ਅਤੇ ਹਰ ਵਿਧਾਨਸਭਾ ਹਲਕੇ ਵਿੱਚ ਵਿਕਾਸ ਅਤੇ ਸਮੱਸਿਆਵਾਂ ਬਾਰੇ ਹਲਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਲੀਡਰਾਂ ਦਾ ਕੰਮਕਾਜ ਪੂਰੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਹਰ ਇੱਕ ਤੱਕ ਪਹੁੰਚ ਸਕੇ। ਇਸਦੇ ਚੱਲਦੇ ਈਟੀਵੀ ਭਾਰਤ ਦੀ ਟੀਮ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਸੈਂਟਰਲ ਵਿਖੇ ਪਹੁੰਚੀ ਹੈ। ਇਸ ਦੌਰਾਨ ਹਲਕੇ ਦੇ ਲੋਕਾਂ ਨਾਲ ਵਿਸਥਾਰ ਵਿੱਚ ਚਰਚਾ ਕੀਤੀ ਗਈ ਹੈ।
ਲੁਧਿਆਣਾ ਦੇ ਸੈਂਟਰਲ ਹਲਕੇ ’ਚ ਈਟੀਵੀ ਭਾਰਤ ਦੀ ਟੀਮ
ਲੁਧਿਆਣਾ ਦਾ ਵਿਧਾਨ ਸਭਾ ਹਲਕਾ ਸੈਂਟਰਲ ਇਸ ਵਾਰ ਜ਼ਿਲ੍ਹੇ ਦੀ ਹੌਟ ਸੀਟ ਮੰਨਿਆ ਜਾ ਰਿਹਾ ਹੈ ਇੱਥੇ ਮੁਕਾਬਲਾ ਦੋ ਤਰਫ਼ਾ ਤਿੰਨ ਤਰਫ਼ਾ ਨਹੀਂ ਸਗੋਂ ਕਈ ਤਰਫ਼ਾ ਮੰਨਿਆ ਜਾ ਰਿਹਾ ਹੈ ਕਿਉਂਕਿ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਅਸ਼ੋਕ ਪੱਪੀ ਪਰਾਸ਼ਰ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਪਾਲੀ ਚੋਣ ਮੈਦਾਨ ਵਿੱਚ ਹਨ। ਉੱਥੇ ਹੀ ਕਾਂਗਰਸ ਵੱਲੋਂ ਸੁਰਿੰਦਰ ਡਾਵਰ ਨੂੰ ਚੋਣ ਮੈਦਾਨ ’ਚ ਮੁੜ ਤੋਂ ਉਤਾਰਿਆ ਗਿਆ। ਇਸ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਕਾਰਨ ਇੱਥੋਂ ਭਾਜਪਾ ਦਾ ਉਮੀਦਵਾਰ ਚੋਣ ਲੜਦਾ ਸੀ ਪਰ ਅਕਾਲੀ ਦਲ ਦਾ ਇਸ ਵਾਰ ਬਸਪਾ ਦੇ ਨਾਲ ਗੱਠਜੋੜ ਹੈ ਇਸ ਕਰਕੇ ਭਾਜਪਾ ਵੱਖਰੇ ਤੌਰ ’ਤੇ ਆਪਣਾ ਉਮੀਦਵਾਰ ਉਤਾਰ ਰਹੀ ਹੈ ਜਿਸਦੇ ਚੱਲਦੇ ਇਸ ਹਲਕੇ ਵਿੱਚ ਮੁਕਾਬਲਾ ਰੌਚਕ ਹੋਣ ਵਾਲਾ ਹੈ।
ਹਲਕਾ ਸੈਂਟਰਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨਿਰੋਲ ਸ਼ਹਿਰੀ ਏਰੀਆ ਹੈ ਅਤੇ ਜ਼ਿਆਦਾਤਰ ਬਾਜ਼ਾਰ ਇਸ ਹਲਕੇ ਵਿੱਚ ਪੈਂਦੇ ਹਨ। ਲੁਧਿਆਣਾ ਦਾ ਸਿਵਲ ਹਸਪਤਾਲ ਚੌੜਾ ਬਾਜ਼ਾਰ, ਦਰੇਸੀ ਦੇ ਨਾਲ ਫੀਲਡਗੰਜ ਦਾ ਇਲਾਕਾ, ਮਿੱਲਰਗੰਜ ਦਾ ਇਲਾਕਾ ਪੁਰਾਣਾ ਇਲਾਕਾ, ਪੁਰਾਣਾ ਬਾਜ਼ਾਰ ਸੈਂਟਰਲ ਹਲਕੇ ਵਿੱਚ ਆਉਂਦਾ ਹੈ।