ਰਵਨੀਤ ਬਿੱਟੂ ਦਾ ਜਥੇਦਾਰ ਨੂੰ ਸਵਾਲ- "ਸ਼ਹੀਦ ਫੌਜੀਆਂ ਦੇ ਘਰਾਂ ਜਾ ਕੇ ਕਰੋ ਅਫ਼ਸੋਸ ਕਿਉਂ ਨਹੀਂ ਕਰਦੇ ? ਓਹ ਵੀ ਪੰਜਾਬ ਦੇ ਸਿੱਖ ਹਨ" ਲੁਧਿਆਣਾ:ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਬੀਤੇ ਦਿਨ ਪੁੰਛ ਵਿਖੇ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੇ ਮਾਮਲੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਘੇਰਿਆ ਹੈ। ਬਿੱਟੂ ਨੇ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਸ਼ਹੀਦ ਫੌਜੀਆਂ ਦੇ ਘਰ ਕਿਉਂ ਨਹੀਂ ਜਾਂਦੇ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕਿਉਂ ਨਹੀਂ ਕਰਦੇ। ਸ਼ਹੀਦ ਹੋਣ ਵਾਲੇ ਵੀ ਪੰਜਾਬ ਦੇ ਸਿੱਖ ਹਨ। ਉਹ ਤੁਰੰਤ ਅੰਮ੍ਰਿਤਪਾਲ ਸਿੰਘ ਵਰਗਿਆਂ ਲਈ ਬਿਆਨ ਜਾਰੀ ਕਰਦੇ ਹਨ, ਪਰ ਇਨ੍ਹਾਂ ਦੇ ਘਰ ਕਿਸੇ ਵੀ ਐਸਜੀਪੀਸੀ ਮੈਂਬਰ ਨੇ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਅੰਮ੍ਰਿਤਪਾਲ ਦੀ ਪਤਨੀ ਦੇ ਹੱਕ ਵਿੱਚ ਦਿੱਤੇ ਬਿਆਨ ਦੀ ਕੀਤੀ ਨਿਖੇਧੀ :ਉਨ੍ਹਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹਾਲ ਹੀ ਵਿੱਚ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਹਵਾਈ ਅੱਡੇ ’ਤੇ ਸੁਰੱਖਿਆ ਏਜੰਸੀਆਂ ਵੱਲੋਂ ਰੋਕੇ ਜਾਣ ਦੇ ਮਾਮਲੇ ਵਿੱਚ ਦਿੱਤੇ ਬਿਆਨ ਦੀ ਨਿਖੇਧੀ ਕੀਤੀ। ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਸ਼ਹੀਦ ਹੋਏ ਚਾਰੋਂ ਜਵਾਨਾਂ ਦੇ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਫੌਜ ਵਿੱਚ ਦੇਸ਼ ਦੀ ਸੇਵਾ ਕਰ ਰਹੇ ਹਨ। ਸਿੱਖ ਧਰਮ ਦੇ ਆਗੂ ਅੱਜ ਸ਼ਹੀਦਾਂ ਨੂੰ ਵਿਸਾਰ ਚੁੱਕੇ ਹਨ। ਅੱਜ ਸ਼੍ਰੋਮਣੀ ਕਮੇਟੀ ਦੇ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੀ ਸ਼ਹੀਦਾਂ ਬਾਰੇ ਸੰਗਤ ਨਾਲ ਗੱਲ ਨਹੀਂ ਕਰਦੇ।
ਬਿੱਟੂ ਨੇ ਕਿਹਾ- ਸਿੱਖ ਆਗੂ ਅੱਤਵਾਦੀਆਂ ਨੂੰ ਸਨਮਾਨਿਤ ਕਰ ਰਹੇ ਹਨ :ਜੇਕਰ ਸਰਹੱਦ 'ਤੇ ਫੌਜੀ ਤਾਇਨਾਤ ਨਾ ਹੁੰਦੇ ਤਾਂ ਅੱਜ ਚੀਨ ਜਾਂ ਪਾਕਿਸਤਾਨ ਨੇ ਪੰਜਾਬ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ। ਸ਼ਹੀਦ ਸੈਨਿਕਾਂ ਦੀਆਂ ਫੋਟੋਆਂ ਅਜਾਇਬ ਘਰਾਂ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸ਼ਹੀਦ ਫੌਜੀਆਂ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਨਾ ਸ਼੍ਰੋਮਣੀ ਕਮੇਟੀ ਦਾ ਫਰਜ਼ ਹੈ। ਜਿਹੜੇ ਲੋਕ ਮਾੜੇ ਕੰਮ ਕਰਦੇ ਹਨ ਜਾਂ ਭਾਈਚਾਰਾ ਵਿਗਾੜਦੇ ਹਨ, ਉਨ੍ਹਾਂ ਦੀਆਂ ਫੋਟੋਆਂ ਅਜੀਬ ਘਰਾਂ ਵਿੱਚ ਲਗਾਈਆਂ ਜਾ ਰਹੀਆਂ ਹਨ। ਸਿੱਖ ਆਗੂ ਹੀ ਅੱਤਵਾਦੀਆਂ ਦਾ ਸਨਮਾਨ ਕਰਦੇ ਹਨ। ਅੱਜ ਸੰਗਤ ਨੂੰ ਵੀ ਸਮਝਣਾ ਪਵੇਗਾ ਕਿ ਕੁਝ ਲੋਕ ਸਾਨੂੰ ਗਲਤ ਰਸਤੇ 'ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ :Poonch Terrorist Attack: ਫ਼ੌਜੀ ਸਨਮਾਨਾਂ ਨਾਲ ਸ਼ਹੀਦ ਕੁਲਵੰਤ ਸਿੰਘ ਨੂੰ ਅੰਤਿਮ ਵਿਦਾਇਗੀ, 3 ਮਹੀਨੇ ਦੇ ਪੁੱਤ ਨੇ ਕੀਤਾ ਅਗਨ ਭੇਟ
ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲੇ 2-2 ਨੌਕਰੀਆਂ :ਬਿੱਟੂ ਨੇ ਕਿਹਾ ਕਿ ਬਿਨਾਂ ਸ਼ੱਕ ਪੰਜਾਬ ਸਰਕਾਰ ਨੇ 1 ਕਰੋੜ ਰੁਪਏ ਤੇ ਨੌਕਰੀ ਦੇਣ ਦਾ ਐਲਾਨ ਕੀਤਾ ਹੈ, ਪਰ ਉਹ ਵੀ ਘੱਟ ਹੈ। ਪਰਿਵਾਰ ਵਿੱਚ ਇੱਕ ਦੀ ਬਜਾਏ ਦੋ ਨੌਕਰੀਆਂ ਦਿੱਤੀਆਂ ਜਾਣ ਤਾਂ ਜੋ ਪਰਿਵਾਰਾਂ ਨੂੰ ਕਿਸੇ ਕਿਸਮ ਦੀ ਆਰਥਿਕ ਘਾਟ ਮਹਿਸੂਸ ਨਾ ਹੋਵੇ।