ਲੁਧਿਆਣਾ:ਲੁਧਿਆਣਾ ਆਤਮ ਨਗਰ ਹਲਕੇ ਤੋਂ ਸਿਮਰਜੀਤ ਬੈਂਸ ਦੇ ਖ਼ਿਲਾਫ਼ ਕਾਂਗਰਸ ਤੇ ਕਮਲਜੀਤ ਕੜਵਲ ਚੋਣ ਲੜ ਰਹੇ ਹਨ। ਇਸੇ ਨੂੰ ਲੈ ਕੇ ਕਮਲਜੀਤ ਕੜਵਲ ਵੱਲੋਂ ਆਪਣੇ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਅਤੇ ਕੈਬਨਿਟ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਪਹੁੰਚੇ।
ਇਸ ਦੌਰਾਨ ਜਿੱਥੇ ਰਵਨੀਤ ਬਿੱਟੂ ਨੇ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ, ਉਥੇ ਹੀ ਕੜਵਲ ਦੇ ਹੱਕ ਵਿੱਚ ਲੋਕਾਂ ਨੂੰ ਵੋਟਾਂ ਦੀ ਅਪੀਲ ਕੀਤੀ ਅਤੇ ਕਾਂਗਰਸ ਦੇ ਮੁੱਖ ਮੰਤਰੀ ਚੰਨੀ ਦੀ ਤਾਰੀਫ ਵੀ ਕੀਤੀ।
ਇਸ ਦੌਰਾਨ ਰਵਨੀਤ ਬਿੱਟੂ ਦੇ ਸੁਰ ਵੀ ਬਦਲੇ ਵਿਖਾਈ ਦਿੱਤੇ ਕਿਉਂਕਿ ਉਹ ਅਕਸਰ ਸਿੱਧੂ ਨੂੰ ਲੈ ਕੇ ਟਿੱਪਣੀ ਕਰਦੇ ਰਹਿੰਦੇ ਸਨ ਪਰ ਅੱਜ ਸਿੱਧੂ ਦੇ ਹੱਕ 'ਚ ਨਿੱਤਰਦੇ ਵਿਖਾਈ ਦਿੱਤੇ।
ਨਵਜੋਤ ਸਿੱਧੂ ਦੀ ਭੈਣ ਵੱਲੋਂ ਲਾਏ ਇਲਜ਼ਾਮਾਂ ਨੂੰ ਲੈ ਕੇ ਬਿੱਟੂ ਨੇ ਦਿੱਤੀ ਸਫ਼ਾਈ ਪੱਤਰਕਾਰਾਂ ਵੱਲੋਂ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਨਵਜੋਤ ਸਿੱਧੂ ਦੀ ਭੈਣ ਨੇ ਉਨ੍ਹਾਂ ਤੇ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਨਹੀਂ ਸੰਭਾਲਿਆ ਤਾਂ ਸਿੱਧੂ ਦਾ ਬਚਾਅ ਕਰਦੇ ਹੋਏ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਸਾਰੀਆਂ ਗੱਲਾਂ ਚੋਣਾਂ ਦੌਰਾਨ ਹੀ ਕਿਉਂ ਬਾਹਰ ਨਿਕਲਦੀਆਂ ਹਨ।
ਉਨ੍ਹਾਂ ਕਿਹਾ ਹਾਲਾਂਕਿ ਉਹ ਕਿਸੇ ਦੇ ਪਰਿਵਾਰਕ ਮਾਮਲੇ 'ਚ ਦਖਲ ਦੇਣਾ ਪਸੰਦ ਨਹੀਂ ਕਰਦੇ ਪਰ ਕਿਸੇ ਸਵਾਲ ਤੋਂ ਭੱਜਦੇ ਵੀ ਨਹੀਂ, ਰਵਨੀਤ ਬਿੱਟੂ ਨੇ ਕਿਹਾ ਕਿ ਭੈਣਾਂ ਤਾਂ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਨੇ ਤਾਂ ਜੋ ਉਹ ਉਨ੍ਹਾਂ ਦੀ ਰੱਖਿਆ ਕਰਨ, ਪਰ ਚੋਣਾਂ ਦੌਰਾਨ ਅਜਿਹਾ ਸਹੀ ਨਹੀਂ ਲੱਗਦਾ।
ਇਸ ਦੌਰਾਨ ਰਵਨੀਤ ਬਿੱਟੂ ਨੇ ਟਕਸਾਲੀ ਕਾਂਗਰਸੀਆਂ ਨੂੰ ਟਿਕਟਾਂ ਨਾ ਮਿਲਣ ਨੂੰ ਲੈ ਕੇ ਵੀ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਪਾਰਟੀ ਹਾਈ ਕਮਾਨ ਸੋਚ ਸਮਝ ਕੇ ਹੀ ਟਿਕਟ ਦਿੰਦੀ ਹੈ ਅਤੇ ਟਿਕਟ ਉਨ੍ਹਾਂ ਨੂੰ ਹੀ ਦਿੱਤੀ ਗਈ ਹੈ ਜਿਨ੍ਹਾਂ ਨੂੰ ਲੱਗਦਾ ਹੈ ਉਹ ਪਾਰਟੀ ਨੂੰ ਜਿੱਤਾ ਸਕਦੇ ਹਨ।
ਇਹ ਵੀ ਪੜ੍ਹੋ:ਸੁਖਪਾਲ ਖਹਿਰਾ ਨੂੰ ਮਿਲੀ ਜ਼ਮਾਨਤ, ਜੇਲ੍ਹ ’ਚੋਂ ਨਿਕਲਦੇ ਹੀ ਵਿਰੋਧੀਆਂ ’ਤੇ ਭੜਕੇ