ਪੰਜਾਬ

punjab

ETV Bharat / state

Ravana Puja In Punjab: ਪੰਜਾਬ ਦੇ ਇਸ ਸ਼ਹਿਰ 'ਚ ਹੁੰਦੀ ਹੈ ਰਾਵਣ ਪੂਜਾ, ਖੂਨ ਦੇ ਟਿੱਕੇ ਲਗਾ ਕੇ ਟੇਕਿਆ ਜਾਂਦਾ ਹੈ ਮੱਥਾ - Khanna Dussehra

ਦੇਸ਼ ਦੇ ਕੌਮੀ ਤਿਉਹਾਰ ਦੁਸਹਿਰੇ ਮੌਕੇ ਲੰਕਾਪਤੀ ਰਾਵਣ ਦਾ ਪੁਤਲਾ ਦਹਿਣ ਕਰ ਕੇ ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਉਂਦਿਆਂ ਚਾਰ ਵੇਦਾਂ ਦੇ ਗਿਆਤਾ ਰਾਵਣ ਪ੍ਰਤੀ ਘ੍ਰਿਣਾ ਪਾਲੀ ਜਾਂਦੀ ਹੈ। ਉੱਥੇ ਹੀ, ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਪਾਇਲ ਵਿੱਚ ਦੁਸਹਿਰੇ ਮੌਕੇ ਰਾਵਣ ਦੀ ਪੂਜਾ (Dussehra In Punjab) ਅਰਚਨਾ ਕੀਤੀ ਜਾਂਦੀ ਹੈ।

Ravana Puja In Punjab
Ravana Puja In Punjab

By ETV Bharat Punjabi Team

Published : Oct 24, 2023, 3:28 PM IST

Updated : Oct 24, 2023, 5:25 PM IST

ਪਾਇਲ ਵਿੱਚ ਦੁਸਹਿਰੇ ਮੌਕੇ ਰਾਵਣ ਦੀ ਕੀਤੀ ਜਾਂਦੀ ਹੈ ਪੂਜਾ, ਸ਼ਰਾਬ ਤੇ ਖੂਨ ਦੀ ਭੇਂਟਾ

ਪਾਇਲ/ਖੰਨਾ/ਸ੍ਰੀ ਮੁਕਤਸਰ ਸਾਹਿਬ :ਅੱਜ ਦੇਸ਼ਭਰ ਵਿੱਚ ਦੁਸਹਿਰਾ ਮਨਾਇਆ ਜਾ ਰਿਹਾ ਹੈ। ਇਸ ਦਿਨ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ ਜਾਂਦੇ ਹਨ। ਉੱਥੇ ਹੀ, ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਪਾਇਲ ਵਿੱਚ ਦੁਸਹਿਰੇ ਮੌਕੇ ਅਜਿਹਾ ਨਾ ਕਰਕੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਇਸ ਪਰੰਪਰਾ ਨੂੰ ਦੂਬੇ ਪਰਿਵਾਰ ਹਰ ਸਾਲ ਦੁਸਹਿਰੇ ਮੌਕੇ ਪਾਇਲ ਆ ਕੇ ਪਿਛਲੀਆਂ 7 ਪੁਸ਼ਤਾਂ ਤੋਂ ਨਿਭਾਅ ਰਿਹਾ ਹੈ ਅਤੇ ਰਾਵਣ ਦੀ ਪੂਜਾ (Ravana Puja In Punjab) ਸਮੇਤ ਰਾਮ ਮੰਦਰ 'ਚ ਵੀ ਪੂਜਾ ਅਰਚਨਾ ਕਰਦਿਆਂ ਲੋਕਾਂ 'ਚ ਸਤਿਕਾਰ ਦਾ ਪਾਤਰ ਬਣਿਆ ਹੋਇਆ ਹੈ। ਸ਼ਾਮ ਮੌਕੇ ਇੱਥੇ ਬੱਕਰੇ ਦੇ ਕੰਨ ਨੂੰ ਕੱਟ ਲਗਾ ਕੇ ਖੂਨ ਚੜਾਇਆ ਜਾਂਦਾ ਹੈ। ਉੱਥੇ ਹੀ ਸ਼ਰਾਬ ਵੀ ਚੜ੍ਹਾਈ ਜਾਂਦੀ ਹੈ।

ਰਾਵਣ ਦੀ ਪੂਜਾ ਪਿਛੇ ਮਾਨਤਾ : ਦੂਬੇ ਪਰਿਵਾਰ ਦੇ ਮੈਂਬਰ ਵਿਨੋਦ ਦੂਬੇ ਅਤੇ ਅਖਿਲ ਪ੍ਰਕਾਸ਼ ਦੂਬੇ ਨੇ ਦੱਸਿਆ ਕਿ ਸਾਡੇ ਪੁਰਖੇ ਬੀਰਬਲ ਦਾਸ ਦੇ ਸੰਤਾਨ ਨਹੀਂ ਸੀ, ਜਿਨ੍ਹਾਂ ਪਾਇਲ ਸ਼ਹਿਰ ਛੱਡ ਕੇ ਹਰਿਦੁਆਰ ਵੱਲ ਕੂਚ ਕਰ ਦਿੱਤਾ। ਰਸਤੇ ਵਿੱਚ ਇੱਕ ਸਾਧੂ ਨੇ ਸੰਤਾਨ ਦੀ ਇੱਛਾ ਪ੍ਰਾਪਤੀ ਦਾ ਹੱਲ ਦੱਸਦੇ ਕਿਹਾ ਕਿ ਜਾ ਕੇ ਰਾਮਲੀਲਾ ਕਰੋ ਤੇ ਦੁਸਹਿਰਾ ਮਨਾਓ, ਜਿਨ੍ਹਾਂ ਨੇ ਪਾਇਲ ਆ ਕੇ ਰਾਮਲੀਲਾ ਕਰਵਾਈ ਅਤੇ ਅਗਲੇ ਸਾਲ ਦੁਸਹਿਰੇ ਤੋਂ ਪਹਿਲਾਂ ਪਹਿਲੀ ਸੰਤਾਨ ਦੀ ਪ੍ਰਾਪਤੀ ਹੋਈ। ਇਸੇ ਤ੍ਹਰਾਂ ਉਨ੍ਹਾਂ ਦੇ ਚਾਰ ਪੁੱਤਰ ਪੈਦਾ ਹੋਏ, ਜਿਨ੍ਹਾਂ ਦਾ ਨਾਮ ਹਕੀਮ ਅੱਛਰੂਦਾਸ ਦੂਬੇ, ਤੁਲਸੀਦਾਸ ਦੂਬੇ, ਪ੍ਰਭੂਦਿਆਲ ਦੂਬੇ ਅਤੇ ਨਰੈਣਦਾਸ ਦੂਬੇ ਸੀ। ਇਨ੍ਹਾਂ ਨੂੰ ਅਸੀਂ ਰਾਮ, ਲਸ਼ਮਣ, ਸ਼ਤਰੂਘਣ ਤੇ ਭਰਤ ਵਜੋਂ ਮੰਨਦੇ ਹਾਂ।

ਰਾਵਣ ਦੀ ਪੂਜਾ ਕਾਰਨ ਹੋਈ ਸੰਤਾਨ ਪ੍ਰਾਪਤੀ : ਵਿਨੋਦ ਦੂਬੇ ਨੇ ਦੱਸਿਆ ਕਿ ਸਾਡੇ ਪੁਰਖਿਆਂ ਦੇ ਘਰ ਸੰਤਾਨ ਦਾ ਪੈਦਾ ਹੋਣਾ ਸਾਡੇ ਦੂਬੇ ਪਰਿਵਾਰ ਲਈ ਦੁਸਹਿਰੇ ਮੌਕੇ ਪੂਜਾ ਅਰਚਨਾ ਕਰਨ ਦਾ ਜ਼ਰੀਆ ਬਣਿਆ, ਜੋ ਅੱਜ ਤੱਕ ਨਿਰਵਿਘਨ ਕੀਤੀ ਜਾ ਰਹੀ ਹੈ। ਰਾਵਣ ਨੇ ਅਪਣੀ ਭੈਣ ਦਾ ਬਦਲਾ ਲਿਆ, ਬੁਰਾ ਇਨਸਾਨ ਨਹੀਂ ਸੀ। ਵਿਨੋਦ ਦੂਬੇ ਨੇ ਦੱਸਿਆ ਕਿ ਰਾਵਣ ਬ੍ਰਾਹਮਣ ਸਮਾਜ ਚੋਂ ਸੀ, ਜਿਸ ਨੇ ਅਪਣੀ ਭੈਣ ਦਾ ਬਦਲਾ ਲੈਣ ਲਈ ਮਾਤਾ ਸੀਤਾ ਦਾ ਹਰਨ ਕੀਤਾ, ਪਰ ਉਨ੍ਹਾਂ ਨੇ ਸੀਤਾ ਮਾਤਾ ਨਾਲ ਕੁਝ ਗ਼ਲਤ ਨਹੀਂ ਕੀਤਾ। ਉਨ੍ਹਾਂ ਨੇ ਸੀਤਾ ਨੂੰ ਵੱਖ ਰੱਖਿਆ ਸੀ ਅਤੇ ਉਸ ਵਾਟਿਕਾ ਵਿੱਚ ਸਿਰਫ਼ ਮਹਿਲਾਵਾਂ ਹੀ ਰਹਿੰਦੀਆਂ ਸੀ। ਇਸ ਤੋਂ ਇਲਾਵਾ, ਰਾਵਣ ਵੇਦਾਂ ਦਾ ਗਿਆਨੀ ਸੀ। ਇਸੇ ਕਾਰਨ ਅਸੀਂ ਪੂਜਾ ਕਰਦੇ ਹਾਂ।

ਪਹਿਲਾਂ ਤੋੜ ਦਿੱਤਾ, ਫਿਰ ਮੁੜ ਸਥਾਪਿਤ ਕੀਤਾ ਰਾਵਣ ਦਾ ਬੁੱਤ :ਰਾਮ ਮੰਦਰ ਉੱਤੇ ਲੱਗੀ ਸ਼ਿਲਾ ਰਾਮ ਮੰਦਰ ਦੀ ਉਸਾਰੀ ਸੰਨ 1835 ਵਿੱਚ ਹੋਣ ਦਾ ਪ੍ਰਮਾਣ ਦਰਸਾਉਂਦੀ ਹੈ ਅਤੇ ਰਾਵਣ ਦਾ ਬੁੱਤ ਵੀ ਮੰਦਰ ਦਾ ਸਮਕਾਲੀ ਦੱਸਿਆ ਜਾ ਰਿਹਾ ਹੈ। ਵਿਨੋਦ ਦੂਬੇ ਅਤੇ ਅਖਿਲ ਪ੍ਰਕਾਸ਼ ਦੂਬੇ ਨੇ ਦੱਸਿਆ ਕਿ ਹਰ ਸਾਲ ਰਾਮਲੀਲਾ ਵੀ ਕੀਤੀ ਜਾਂਦੀ ਹੈ। ਵਿਨੋਦ ਨੇ ਦੱਸਿਆ ਕਿ ਇੱਕ ਪਰਿਵਾਰ ਵੱਲੋਂ ਰਾਵਣ ਦੇ ਬੁੱਤ ਨੂੰ ਪੱਕੇ ਤੌਰ ਉੱਤੇ ਸਥਾਪਤ ਕੀਤੇ ਜਾਣ ਨੂੰ ਅਸ਼ੁੱਭ ਮੰਨਦਿਆਂ ਤੋੜ ਦਿੱਤਾ ਗਿਆ ਸੀ। ਉਸ ਪਰਿਵਾਰ ਵਿੱਚ ਰਾਵਣ ਦਾ ਬੁੱਤ ਤੋੜਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਮੌਤਾਂ ਹੋਈਆਂ। ਫਿਰ ਉਨ੍ਹਾਂ ਨੇ ਆਪਣੀ ਗ਼ਲਤੀ ਸਵੀਕਾਰ ਕਰਕੇ ਰਾਵਣ ਦਾ ਬੁੱਤ ਮੁੜ ਪੱਕੇ ਤੌਰ ਉੱਤੇ ਨਿਰਮਾਣ ਕਰਵਾਇਆ। ਫਿਰ ਉਨ੍ਹਾਂ ਦੇ ਘਰ ਦੇ ਹਾਲਾਤ ਠੀਕ ਹੋਏ, ਹੁਣ ਉਹ ਪਰਿਵਾਰ ਅੱਜ ਵੀ ਇਸ ਅਸਥਾਨ ਨਾਲ ਜੁੜੇ ਹੋਏ ਹਨ।

ਸ਼ਰਾਬ ਤੇ ਖੂਨ ਕੀਤਾ ਜਾਂਦਾ ਭੇਂਟ, ਪਰ ਪ੍ਰਸ਼ਾਦ ਦੇ ਤੌਰ 'ਤੇ ਨਹੀਂ ਵੰਡਿਆ ਜਾਂਦਾ:ਵਿਨੋਦ ਦੁਬੇ ਨੇ ਦੱਸਿਆ ਕਿ ਰਾਵਣ ਅਸੁਰ ਪਰਿਵਾਰ ਨਾਲ ਵੀ ਸਬੰਧਤ ਸੀ, ਜੋ ਕਿ ਮਦਿਰਾ (ਸ਼ਰਾਬ) ਪਾਣ ਦੇ ਵੀ ਸ਼ੌਕੀਨ ਸੀ। ਇਸ ਲਈ ਸ਼ਰਾਬ ਦੀ ਸਪਰੇਅ ਕੀਤੀ ਜਾਂਦੀ ਹੈ ਅਤੇ ਬਕਰੇ ਦੀ ਬਲੀ ਦੇਣ ਦੀ ਬਜਾਏ, ਉਸ ਦੇ ਕੰਮ ਨੂੰ ਟਕ ਲਾ ਕੇ ਹੀ ਖੂਨ ਭੇਂਟ ਕੀਤਾ ਜਾਂਦਾ ਹੈ। ਦੁਸਹਿਰੇ ਵਾਲੇ ਦਿਨ ਸ਼ਾਮ ਸਮੇਂ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ, ਜਿੱਥੇ ਵਿਸ਼ੇਸ਼ ਤੌਰ ਉੱਤੇ ਰਾਵਣ ਨੂੰ ਦੁਸਹਿਰੇ ਵਾਲੇ ਦਿਨ ਸੂਰਜ ਛਿੱਪਣ ਮੌਕੇ ਸ਼ਰਾਬ ਸਮੇਤ ਲਹੂ ਦਾ ਟਿੱਕਾ ਲਗਾਉਣ ਦੀ ਰਸਮ ਵੀ ਨਿਭਾਈ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਰਾਬ ਨੂੰ ਪ੍ਰਸ਼ਾਦ ਦੇ ਰੂਪ ਵਿੱਚ (Liquor offered while worshiping Ravana) ਨਹੀਂ ਵੰਡਿਆ ਜਾਂਦਾ ਅਤੇ ਖੂਨ ਵੀ ਬਕਰੇ ਦੇ ਕੰਨ ਨੂੰ ਟੱਕ ਲਾ ਕੇ ਭੇਂਟ ਕੀਤਾ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦੀ ਬਲੀ ਨਹੀਂ ਦਿੱਤੀ ਜਾਂਦੀ, ਨਾ ਹੀ ਮਾਂਸਾਹਾਰੀ ਪ੍ਰਸ਼ਾਦ ਨਹੀ ਦਿੱਤਾ ਜਾਂਦਾ।

ਲੋਕਾਂ ਦੀ ਸ਼ਰਧਾ-ਭਾਵਨਾ ਜੁੜੀ:ਅਖਿਲ ਪ੍ਰਕਾਸ਼ ਦੂਬੇ ਨੇ ਦੱਸਿਆ ਕਿ ਇਸ ਮੰਦਿਰ ਵਿੱਚ ਤੁਹਾਨੂੰ ਚਾਰੋ ਧਰਮਾਂ ਦੇ ਨਿਸ਼ਾਨ ਮਿਲਣਗੇ। ਇੱਕ ਰਿਟਾਇਰਡ ਬੈਂਕ ਅਫ਼ਸਰ ਗੁੱਡੂ ਜੀ, ਜੋ ਕਿ ਗੁਰਮਤਿ ਸਿੱਖ ਹਨ, ਉਹ ਪਿਛਲੇ 50 ਸਾਲਾਂ ਤੋਂ ਇਸ ਮੰਦਿਰ ਨਾਲ ਜੁੜੇ ਹਨ। ਇੱਥੋ ਤੱਕ ਕਿ ਸਾਡੀ ਗੈਰ-ਹਾਜ਼ਰੀ ਵਿੱਚ ਧੂਫ਼-ਬੱਤੀ ਵੀ ਉਨ੍ਹਾਂ ਦਾ ਹੀ ਪਰਿਵਾਰ ਕਰਦਾ ਹੈ। ਸਾਡੇ ਇੱਥੇ ਇਲਾਕੇ ਵਿੱਚ ਰਾਵਣ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਕੋਈ ਨਫ਼ਰਤ ਨਹੀਂ ਹੈ, ਹਰ ਕੋਈ ਮੱਥਾ ਟੇਕਦਾ ਹੈ। ਸੋ, ਦੁਸਹਿਰੇ ਮੌਕੇ ਸਾਰੇ ਇਲਾਕੇ ਲਈ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਇਹ ਤਿਉਹਾਰ ਬੜੀ ਮਹੱਤਤਾ ਰੱਖਦਾ ਹੈ। ਇਸ ਤੋਂ ਇਲਾਵਾ ਇੱਕ ਸਰਕਾਰੀ ਸਕੂਲ ਅਧਿਆਪਿਕਾ ਵੀ ਇੱਥੇ ਆ ਕੇ ਪੂਜਾ ਕਰਦੀ ਹੈ, ਜਿਸ ਵਲੋਂ ਇੱਥੇ ਪੂਜਾ ਕਰਦੇ ਹੋਏ ਮਨੰਤ ਮੰਗੇ ਜਾਣ ਤੋਂ ਬਾਅਦ ਸੰਤਾਨ ਦੀ ਪ੍ਰਾਪਤੀ ਹੋਈ। ਦੂਬੇ ਪਰਿਵਾਰ ਦਾ ਮੰਨਣਾ ਹੈ ਕਿ ਰਾਵਣ ਦੀ ਪੂਜਾ ਲਈ ਸਾਡੀ ਅਗਲੀ ਪੀੜ੍ਹੀ ਵੀ ਬੜੀ ਸ਼ਿੱਦਤ ਨਾਲ ਰਾਵਣ ਪੂਜਾ ਅਤੇ ਮੰਦਰ ਵਿੱਚ ਪਾਠ ਆਦਿਕ ਕਰਨ ਲਈ ਵਚਨਵੱਧ ਹੈ।

ਸ੍ਰੀ ਮੁਕਤਸਰ ਸਾਹਿਬ ਰਾਵਣ ਦੀ ਪੂਜਾ, ਇਹ ਹੈ ਖਾਸ ਮਕਸਦ

ਸ੍ਰੀ ਮੁਕਤਸਰ ਸਾਹਿਬ ਰਾਵਣ ਦੀ ਪੂਜਾ: ਜ਼ਿਲ੍ਹੇ ਦੇ ਬਾਲਮੀਕਿ ਚੌਂਕ ਵਿਖੇ ਅੱਜ ਦੁਸਹਿਰੇ ਦੇ ਤਿਉਹਾਰ ਨੂੰ ਰਾਵਣ ਦੇ ਬਲੀਦਾਨ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਬਾਲਮੀਕਿ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆ ਬੁਲਾਰਿਆਂ ਨੇ ਕਿਹਾ ਕਿ ਰਾਵਣ ਇੱਕ ਸਫ਼ਲ ਸਾਸ਼ਕ ਦੇ ਨਾਲ ਨਾਲ ਮਹਾਨ ਗਿਆਤਾ ਸੀ। ਉਸ ਨੇ ਕੋਈ ਬੁਰਾਈ ਨਹੀਂ ਕੀਤੀ ਸੀ। ਉਸ ਦੇ ਰਾਜ ਵਿੱਚ ਹਰ ਇੱਕ ਵਿਅਕਤੀ ਦਾ ਪੂਰਾ ਮਾਣ ਸਨਮਾਨ ਸੀ। ਰਾਵਣ ਨੇ ਆਪਣੀ ਭੈਣ ਸਰੂਪ ਨਕਾ ਦੀ ਹੋਈ ਬੇਇੱਜ਼ਤੀ ਦਾ ਬਦਲਾ ਲੈਣ ਲਈ ਸੀਤਾ ਹਰਨ ਕੀਤਾ, ਪਰ ਉਸ ਨੇ ਸੀਤਾ ਮਾਤਾ ਨੂੰ ਅਲੱਗ ਅਸ਼ੋਕ ਵਾਟਿਕਾ ਵਿੱਚ ਰੱਖਿਆ ਅਤੇ ਸੀਤਾ ਜਦ ਸ੍ਰੀ ਰਾਮ ਜੀ ਨੂੰ ਵਾਪਿਸ ਮਿਲੇ ਤਾਂ ਅਗਨੀ ਪ੍ਰੀਖਿਆ ਵਿੱਚ ਵੀ ਇਹ ਸਾਹਮਣੇ ਆਇਆ ਕਿ ਉਹ ਪੂਰੀ ਤਰ੍ਹਾਂ ਪੱਵਿਤਰ ਸੀ।

ਉਨ੍ਹਾਂ ਕਿਹਾ ਕਿ ਸਾਨੂੰ ਰਾਵਣ ਜਿਹੇ ਮਹਾਪੁਰਸ਼ ਦੀ ਪੂਜਾ ਕਰਨੀ ਚਾਹੀਦੀ ਹੈ। ਉਹ ਚਾਰ ਵੇਦਾਂ ਦੇ ਗਿਆਤਾ ਸਨ। ਅੱਜ ਜੋ ਭਰਮ ਰਾਵਣ ਬਾਰੇ ਫੈਲਾਏ ਜਾ ਰਹੇ ਹਨ, ਅਜਿਹਾ ਕੁਝ ਵੀ ਰਾਵਣ ਦੇ ਦਰਬਾਰ ਵਿੱਚ ਨਹੀਂ ਹੁੰਦਾ ਸੀ। ਰਾਵਣ ਦੇ ਦਰਬਾਰ ਵਿੱਚ ਸਭ ਨੂੰ ਇਨਸਾਫ਼ ਮਿਲਦਾ ਸੀ ਅਤੇ ਇਸੇ ਗੱਲ ਲਈ ਲੰਕਾ ਮਸ਼ਹੂਰ ਸੀ। ਰਾਵਣ ਕਦੇ ਵੀ ਜੰਗ ਵਿਚ ਹਾਰ ਨਹੀਂ ਸਕਦਾ ਸੀ, ਜੇਕਰ ਉਸ ਦਾ ਭਰਾ ਵਿਭੀਸ਼ਣ ਸ੍ਰੀ ਰਾਮ ਜੀ ਦਾ ਸਾਥ ਨਾ ਦਿੰਦਾ। ਇਸ ਦੌਰਾਨ ਜੈ ਲੰਕੇਸ਼ ਦੇ ਨਾਅਰੇ ਲਾਉਂਦਿਆ ਰਾਵਣ ਦੀ ਪੂਜਾ ਕੀਤੀ ਗਈ।

Last Updated : Oct 24, 2023, 5:25 PM IST

ABOUT THE AUTHOR

...view details