ਐੱਸਐੱਸਪੀ ਅਮਨੀਤ ਕੌਂਡਲ ਜਾਣਕਾਰੀ ਦਿੰਦੇ ਹੋਏ ਖੰਨਾ/ਲੁਧਿਆਣਾ: ਖੰਨਾ ਦੇ ਨਜ਼ਦੀਕੀ ਪਿੰਡ 'ਚ 8 ਸਾਲ ਦੀ ਮਾਸੂਮ ਬੱਚੀ ਨਾਲ ਜ਼ਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਮਹਿੰਦਰ ਦੇ ਖਿਲਾਫ ਆਈਪੀਸੀ ਦੀ ਧਾਰਾ 376, ਪੋਕਸੋ ਐਕਟ 2012 ਦੀ ਧਾਰਾ 4, 5 ਦੇ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਯੂਪੀ ਦੇ ਮਿਰਜ਼ਾਪੁਰ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਿਸ ਇਸ ਮਾਮਲੇ 'ਚ ਮੁਲਜ਼ਮ ਤੋਂ ਪੁੱਛਗਿਛ ਕਰ ਰਹੀ ਹੈ।
ਖੇਤ ਮੋਟਰ ਵਾਲੇ ਕਮਰੇ 'ਚ ਵਾਰਦਾਤ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਖੇਤਾਂ ਵਿੱਚ ਬਣੇ ਮੋਟਰ ਵਾਲੇ ਕਮਰੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ। ਇਸ ਪਰਿਵਾਰ ਦੀ ਔਰਤ ਫੈਕਟਰੀ ਵਿੱਚ ਕੰਮ ਕਰਨ ਗਈ ਹੋਈ ਸੀ। ਪਰਿਵਾਰ ਦਾ ਮੁਖੀ ਦਿਹਾੜੀ ਕੰਮ ਵਾਸਤੇ ਘਰੋਂ ਬਾਹਰ ਗਿਆ ਹੋਇਆ ਸੀ, ਪਰ ਉਸ ਨੂੰ ਕੰਮ ਨਹੀਂ ਮਿਲਿਆ। ਜਿਸ ਤੋਂ ਬਾਅਦ ਉਹ ਵਾਪਸ ਘਰ ਆਇਆ ਤਾਂ ਦੇਖਿਆ ਕਿ ਮੋਟਰ ਵਾਲੇ ਕਮਰੇ ਦਾ ਦਰਵਾਜ਼ਾ ਬੰਦ ਸੀ। ਪਰਿਵਾਰ ਦੇ ਮੁਖੀ ਨੇ ਖਿੜਕੀ 'ਚੋਂ ਦੇਖਿਆ ਤਾਂ ਮੁਲਜ਼ਮ ਅੰਦਰ ਉਸਦੀ 8 ਸਾਲ ਦੀ ਬੱਚੀ ਨਾਲ ਜ਼ਬਰਦਸਤੀ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਦੇਖ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਬੱਚੀ ਦੇ ਪਿਤਾ ਨੂੰ ਦੇਖ ਭੱਜਿਆ ਮੁਲਜ਼ਮ:ਹਾਲਾਂਕਿ ਬੱਚੀ ਦੇ ਪਿਤਾ ਨੇ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਮੁਲਜ਼ਮ ਖੇਤਾਂ ਚੋਂ ਭੱਜ ਗਿਆ। ਬੱਚੀ ਦੇ ਪਿਤਾ ਨੇ ਤੁਰੰਤ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਬੁਲਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਅਗਲੀ ਕਾਰਵਾਈ ਆਰੰਭੀ ਅਤੇ ਮੁੱਢਲੀ ਜਾਂਚ 'ਤੇ ਮੁਲਜ਼ਮ ਖਿਲਾਫ਼ ਕੇਸ ਦਰਜ ਕਰਕੇ ਬੱਚੀ ਦਾ ਮੈਡੀਕਲ ਕਰਾਇਆ ਗਿਆ। ਮੁਲਜ਼ਮ ਦੇ ਖਿਲਾਫ ਆਈਪੀਸੀ ਦੀ ਧਾਰਾ 376 ਦੇ ਨਾਲ ਨਾਲ ਪੋਸਕੋ ਐਕਟ ਅਧੀਨ ਕੇਸ ਦਰਜ ਕੀਤਾ ਗਿਆ।
ਪੁਲਿਸ ਨੇ ਮੁਲਜ਼ਮ ਕੀਤਾ ਕਾਬੂ: ਇਸ ਸਬੰਧੀ ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਮੁਲਜ਼ਮ ਮਹਿੰਦਰ ਨੇ ਘਿਨੌਣਾ ਅਪਰਾਧ ਕੀਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਦੀ ਪੁਲਿਸ ਟੀਮ ਨੇ ਤੁਰੰਤ ਐਫਆਈਆਰ ਦਰਜ ਕਰਕੇ ਮੁਲਜ਼ਮ ਨੂੰ ਟਰੇਸ ਕਰ ਲਿਆ। ਇਸ ਤੋਂ ਪਹਿਲਾਂ ਕਿ ਮੁਲਜ਼ਮ ਪੰਜਾਬ ਤੋਂ ਬਾਹਰ ਭੱਜ ਜਾਂਦਾ, ਉਸਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਜਲਦ ਤੋਂ ਜਲਦ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ ਚਲਾਨ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ।