ਲੁਧਿਆਣਾ: ਅਕਾਲੀ ਦਲ ਵੱਲੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਪਰ ਬਲਾਤਕਾਰ ਦੇ ਦੋਸ਼ਾਂ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦਾ ਦਫ਼ਤਰ ਘੇਰੇ ਜਾਣ ਅਤੇ ਪ੍ਰਦਰਸ਼ਨ ਕੀਤੇ ਜਾਣ ਨੂੰ ਪਾਰਟੀ ਆਗੂ ਸੰਨੀ ਕੈਂਥ ਨੇ ਘਟੀਆ ਕਾਰਵਾਈ ਕਰਾਰ ਦਿੱਤਾ ਹੈ। ਲੋਕ ਇਨਸਾਫ਼ ਪਾਰਟੀ ਦੇ ਆਗੂ ਸੰਨੀ ਕੈਂਥ ਨੇ ਇਥੇ ਪ੍ਰੈਸ ਕਾਨਫ਼ਰੰਸ ਦੌਰਾਨ ਪਾਰਟੀ ਮੁਖੀ 'ਤੇ ਬਲਾਤਕਾਰ ਦੇ ਦੋਸ਼ਾਂ ਨੂੰ ਸਾਜਿਸ਼ ਕਰਾਰ ਦਿੱਤਾ ਹੈ।
ਕਾਨਫ਼ਰੰਸ ਦੌਰਾਨ ਕੈਂਥ ਨੇ ਦਸਤਾਵੇਜ਼ ਵਿਖਾਉਂਦੇ ਹੋਏ ਇੱਕ ਔਰਤ ਵੱਲੋਂ ਵਿਧਾਇਕ ਬੈਂਸ 'ਤੇ ਲਾਏ ਜਾ ਰਹੇ ਬਲਾਤਕਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਉਨ੍ਹਾਂ ਕਿਹਾ ਕਿ ਇਹ ਵਿਧਾਇਕ ਬੈਂਸ ਨੂੰ ਲੋਕ ਅਧਿਕਾਰ ਯਾਤਰਾ ਨੂੰ ਲੈ ਕੇ ਬਦਨਾਮ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਕਾਰਨ ਦੋਵੇਂ ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ ਬੁਖਲਾਈਆਂ ਹੋਈਆਂ ਹਨ।
'ਵਿਧਾਇਕ ਬੈਂਸ 'ਤੇ ਬਲਾਤਕਾਰ ਦੇ ਦੋਸ਼ ਅਕਾਲੀ ਦਲ ਦੀ ਬਦਨਾਮ ਕਰਨ ਦੀ ਸਾਜਿਸ਼' ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਦਲ ਨੂੰ ਕੋਈ ਹੋਰ ਚਾਰਾ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਬੈਂਸ ਨੂੰ ਬਦਨਾਮ ਕਰਨ ਲਈ ਇਹ ਬ੍ਰਹਮ ਅਸਤਰ ਚਲਾਇਆ ਹੈ, ਪਰ ਲੋਕ ਇਨਸਾਫ਼ ਪਾਰਟੀ ਦੇ ਵਰਕਰ ਆਪਣੇ ਆਗੂ ਦੀ ਬਦਨਾਮੀ ਨੂੰ ਬਰਦਾਸ਼ਤ ਨਹੀਂ ਕਰਨਗੇ।
ਲੋਕ ਇਨਸਾਫ਼ ਪਾਰਟੀ ਆਗੂ ਨੇ ਕਿਹਾ ਕਿ ਜਿਹੜਾ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਵਿਧਾਇਕ ਬੈਂਸ ਹੁਣ ਉਂਗਲ ਚੁੱਕ ਰਿਹਾ ਹੈ, ਉਨ੍ਹਾਂ ਨੇ ਵਿਧਾਇਕ ਬੈਂਸ ਵਿਰੁੱਧ ਚੋਣ ਲੜੀ ਹੈ ਤਾਂ ਫਿਰ ਉਹ ਉਸ ਸਮੇਂ ਕਿਉਂ ਨਹੀਂ ਇਸ ਮਾਮਲੇ ਵਿੱਚ ਬੋਲੇ?
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਇਹ ਇੱਕ ਸੋਚੀ ਸਮਝੀ ਯੋਜਨਾ ਤਹਿਤ ਕੀਤੀ ਗਈ ਅਤਿ ਘਟੀਆ ਹਰਕਤ ਹੈ। ਜਿਹੜੇ ਪਾਰਟੀ ਦਫ਼ਤਰ ਵਿੱਚ ਬਲਾਤਕਾਰ ਦੇ ਦੋਸ਼ ਲਾਏ ਜਾ ਰਹੇ ਹਨ, ਉਸ ਦਫ਼ਤਰ ਵਿੱਚ ਹਮੇਸ਼ਾ ਹੀ ਵਰਕਰਾਂ ਦੀ ਭੀੜ ਜਮ੍ਹਾਂ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਯੋਜਨਾ ਤਾਂ ਬਣਾ ਲਈ ਪਰ ਸਫ਼ਲ ਨਹੀਂ ਹੋਣਗੇ।