ਲੁਧਿਆਣਾ: ਫ਼ਾਰਮਾ ਕੰਪਨੀ ਰੈਨਬੈਕਸੀ ਦੇ ਪ੍ਰਮੋਟਰਾਂ ਦੇ ਘੋਟਾਲੇ ਮਾਮਲੇ ਵਿੱਚ ਦੂਜੇ ਮੁਲਜ਼ਮ ਮਲਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਵੀ ਹੋ ਗਈ ਹੈ। ਸੂਤਰਾਂ ਮੁਤਾਬਕ ਇਹ ਗ੍ਰਿਫ਼ਤਾਰੀ ਵੀਰਵਾਰ ਦੇਰ ਰਾਤ ਲੁਧਿਆਣਾ ਤੋਂ ਹੋਈ ਹੈ। ਸਾਬਕਾ ਸੀਈਓ ਸ਼ਵਿੰਦਰ ਅਤੇ ਉਸ ਦੇ ਸਾਥੀ ਸੁਨੀਲ ਗੋਡਵਾਨੀ, ਕਵਿ ਅਰੋੜਾ ਅਤੇ ਅਨਿਲ ਸਕਸੈਨਾ ਦੀ ਗ੍ਰਿਫ਼ਤਾਰੀ ਵੀ ਬੀਤੇ ਦਿਨ ਦਿੱਲੀ ਤੋਂ ਹੋ ਚੁੱਕੀ ਹੈ। ਦੋਵਾਂ ਭਰਾਵਾਂ ਉੱਤੇ ਲਗਭਗ 2300 ਕਰੋੜ ਰੁਪਏ ਦੀ ਠੱਗੀ ਕਰਨ ਦਾ ਦੋਸ਼ ਹੈ।
ਮਲਵਿੰਦਰ ਸਿੰਘ ਦੀ ਗ੍ਰਿਫਤਾਰੀ ਲੁਧਿਆਣਾ ਤੋਂ ਕਿਸ ਥਾਂ ਤੋਂ ਹੋਈ ਹੈ, ਇਸ ਗੱਲ ਦੀ ਪੁਸ਼ਟੀ ਅਜੇ ਨਹੀਂ ਹੋ ਸਕੀ ਹੈ। ਦੱਸ ਦਈਏ, ਸ਼ਵਿੰਦਰ ਸਿੰਘ ਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਉਸ ਵੇਲੇ ਹੋਈ ਜਿਸ ਵੇਲੇ ਇਨ੍ਹਾਂ ਸਾਰਿਆਂ ਨੂੰ ਮੰਦਿਰ ਮਾਰਗ ਵਿੱਚ ਈਓਡਬਲਿਊ ਦੇ ਦਫ਼ਤਰ ਵਿੱਚ ਪੁੱਛਗਿਛ ਲਈ ਬੁਲਾਇਆ ਗਿਆ ਸੀ। ਆਰਥਿਕ ਅਪਰਾਧ ਵਿੰਗ (ਈ.ਡਬਲਿਊ) ਦੇ ਡੀਸੀਪੀ ਵਰਸ਼ਾ ਸ਼ਰਮਾ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਸ਼ਵਿੰਦਰ ਸਿੰਘ, ਸੁਨੀਲ ਗੋਦਵਾਨੀ, ਕਵੀ ਅਰੋੜਾ ਅਤੇ ਅਨਿਲ ਸਕਸੈਨਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਆਈਪੀਸੀ ਦੀ ਧਾਰਾ 409 ਅਤੇ 420 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਰੈਲੀਗੇਅਰ ਫਿਨਵੈਸਟ ਦੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਗਈ ਹੈ।