ਲੁਧਿਆਣਾ: ਰਤਨ ਮਲਟੀ ਸਪੈਸ਼ਲਿਸਟ ਹਸਪਤਾਲ ਦੇ ਵਿੱਚ ਬੀਤੀ ਦੇਰ ਰਾਤ ਅੰਬਾਲਾ ਤੋਂ ਅਡਿਸ਼ਨਲ ਸਿਵਲ ਸਰਜਨ ਦੀ ਟੀਮ ਦੇ ਨਾਲ ਲੁਧਿਆਣਾ ਪੁਲਿਸ ਅਤੇ ਲੁਧਿਆਣਾ ਸਿਹਤ ਮਹਿਕਮੇ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਜਿਸ ਵਿੱਚ ਰਤਨ ਹਸਪਤਾਲ ਦੇ ਵਿੱਚ ਲਿੰਗ ਨਿਰਧਾਰਿਤ ਟੈਸਟ ਕਰਨ ਦੇ ਇਲਜ਼ਾਮ ਲੱਗੇ ਹਨ। ਦੱਸ ਦੇਈਏ ਕਿ ਅੰਬਾਲਾ ਤੋਂ ਆਈ ਟੀਮ ਵੱਲੋਂ ਹਸਪਤਾਲ ਦੇ ਦਸਤਾਵੇਜ਼ ਖੰਗਾਲੇ ਗਏ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਇੱਕ ਮਹਿਲਾ ਨੂੰ ਮਰੀਜ਼ ਬਣਾ ਕੇ ਹਸਪਤਾਲ ਵਿਚ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਇਹ ਪੂਰਾ ਖੁਲਾਸਾ ਹੋਇਆ ਹੈ। ਦੂਜੇ ਪਾਸੇ ਡਾਕਟਰ ਰਤਨ ਨੇ ਆਪਣੇ ’ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।
ਪਹਿਲਾਂ ਵੀ ਇਸ ਸਬੰਧੀ ਮਿਲੀਆਂ ਸੀ ਸ਼ਿਕਾਇਤਾਂ- ਸਿਵਲ ਸਰਜਨ
ਇਸ ਸਬੰਧੀ ਜਾਣਕਾਰੀ ਦਿੰਦਿਆ ਅੰਬਾਲਾ ਦੀ ਐਡੀਸ਼ਨਲ ਸਿਵਲ ਸਰਜਨ ਡਾਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਵੀ ਇਸ ਸਬੰਧੀ ਸ਼ਿਕਾਇਤਾਂ ਮਿਲੀਆਂ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਮਹਿਲਾ ਨੂੰ ਭੇਜਿਆ ’ਤੇ ਹਸਪਤਾਲ ਦੇ ਵਿੱਚ 40 ਹਜ਼ਾਰ ਰੁਪਏ ਦੇ ਵਿੱਚ ਲਿੰਗ ਨਿਰਧਾਰਿਤ ਟੈਸਟ ਕਰਨ ਦੀ ਡੀਲ ਹੋਈ। ਜਿਸ ਤੋਂ ਬਾਅਦ ਛਾਪੇਮਾਰੀ ਕਰਦੇ ਹੋਏ ਡਾਕਟਰ ਕੋਲੋਂ ਮੌਕੇ ’ਤੇ 9 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ ਜਦਕਿ ਇੱਕ ਮਹਿਲਾ ਜਿਸ ਨੇ ਬਾਕੀ 31 ਹਜ਼ਾਰ ਲਏ ਹਨ ਉਹ ਨਹੀਂ ਮਿਲ ਰਹੀ ਹੈ। ਉਸਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਜਗਰਾਓਂ ਮੁੱਖ ਮਾਰਗ 'ਤੇ ਟਰੱਕ ਚਾਲਕ ਦਾ ਕਤਲ ਕਰਕੇ 9 ਲੱਖ ਦੀ ਕੀਤੀ ਲੁੱਟ, ਮੁਲਜ਼ਮ ਫਰਾਰ