ਲੁਧਿਆਣਾ:ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਦੋ ਦਿਨ ਲਗਾਤਾਰ ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਹਨਾਂ ਦੇ ਇਸ ਫੇਰੀ ਨੂੰ ਧਾਰਮਿਕ ਅਤੇ ਨਿੱਜੀ ਦੱਸਦੇ ਹੋਏ ਕਿਸੇ ਵੀ ਕਾਂਗਰਸੀ ਆਗੂ ਜਾਂ ਵਰਕਰ ਨੂੰ ਨਾ ਮਿਲਣ ਦੀ ਗੱਲ ਆਖੀ ਹੈ। ਪਹਿਲੇ ਦਿਨ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਪਰਿਕਰਮਾ ਦੇ ਵਿੱਚ ਜਲ ਦੀ ਸੇਵਾ ਕਰਦੇ ਹੋਏ ਵਿਖਾਈ ਦਿੱਤੇ। ਜਿਸ ਤੋਂ ਬਾਅਦ ਅੱਜ ਰਾਹੁਲ ਗਾਂਧੀ ਨੇ ਲੰਗਰ ਹਾਲ ਦੇ ਵਿੱਚ ਸਬਜ਼ੀਆਂ ਕੱਟੀਆਂ ਅਤੇ ਇਲਾਹੀ ਬਾਣੀ ਦਾ ਸਰਵਣ ਕੀਤਾ। ਸੁਰੱਖਿਆ ਦੇ ਸਖਤ ਪਹਿਰੇ 'ਚ ਰਾਹੁਲ ਗਾਂਧੀ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਦੋ ਦਿਨ ਦੀ ਧਾਰਮਿਕ ਫੇਰੀ ਸਿਆਸੀ ਗਲਿਆਰੇ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਕਾਂਗਰਸ 'ਤੇ ਆਪਰੇਸ਼ਨ ਬਲੂ ਸਟਾਰ ਅਤੇ 1984 ਸਿੱਖ ਕਤਲੇਆਮ ਦੇ ਵਿੱਚ ਸ਼ਮੂਲੀਅਤ ਦੇ ਇਲਜ਼ਾਮ ਲੱਗਦੇ ਰਹੇ ਹਨ।
'ਸਿੱਖ ਕੌਮ ਤੋਂ ਮੰਗਣੀ ਚਾਹੀਦੀ ਹੈ ਮਾਫੀ':ਹੁਣ 2024 ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਰਾਹੁਲ ਗਾਂਧੀ ਦੀ ਇਹ ਫੇਰੀ ਧਾਰਮਿਕ ਅਤੇ ਸਿਆਸੀ ਪੱਖ ਤੋਂ ਕਈ ਮਾਇਨੇ ਰੱਖਦੀ ਹੈ। ਜਿਸ ਕਰਕੇ ਰਾਜਨੀਤਕ ਪਾਰਟੀਆਂ ਦੇ ਆਗੂ ਇਸ ਨੂੰ ਧਾਰਮਿਕ ਫੇਰੀ ਦੀ ਥਾਂ 'ਤੇ ਸਿਆਸੀ ਲਾਹਾ ਲੈਣ ਦੀ ਕਾਂਗਰਸ ਦੀ ਮਨਸ਼ਾ ਵੱਲ ਇਸ਼ਾਰਾ ਕਰ ਰਹੇ ਹਨ। ਰਾਹੁਲ ਗਾਂਧੀ ਦੀ ਸ੍ਰੀ ਹਰਿਮੰਦਰ ਸਾਹਿਬ ਦੀ ਇਸ ਫੇਰੀ 'ਤੇ ਪੰਜਾਬ ਦੇ ਵਿੱਚ ਸਿਆਸੀ ਘਮਸਾਨ ਜਾਰੀ ਹੈ। ਅਕਾਲੀ ਦਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਰਾਹੁਲ ਗਾਂਧੀ ਨੂੰ ਨਹੀਂ ਸਗੋਂ ਉਹਨਾਂ ਦੀ ਮਾਤਾ ਨੂੰ ਆ ਕੇ ਸ੍ਰੀ ਹਰਿਮੰਦਰ ਸਾਹਿਬ ਅਰਦਾਸ ਕਰਨੀ ਚਾਹੀਦੀ ਹਾਂ ਅਤੇ ਸਿੱਖ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਹੈ।
Rahul Gandhi : ਕੀ 1984 ਦੇ ਜ਼ਖਮ ਅਤੇ ਕਾਂਗਰਸ ਦੀ ਖ਼ਾਨਾਜੰਗੀ ਖਤਮ ਕਰ ਸਕਣਗੇ ਰਾਹੁਲ ਗਾਂਧੀ ? ਸਿਆਸੀ ਮਾਇਨੇ:ਇੱਕ ਪਾਸੇ ਜਿੱਥੇ ਰਾਹੁਲ ਗਾਂਧੀ ਦੀ ਸ੍ਰੀ ਹਰਿਮੰਦਰ ਸਾਹਿਬ 'ਚ ਦੋ ਦਿਨ ਦੀ ਫੇਰੀ ਧਾਰਮਿਕ ਪੱਖ ਤੋਂ ਕਾਫੀ ਅਹਿਮ ਮੰਨੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਲਗਾਤਾਰ ਧੜਿਆਂ ਦੇ ਵਿੱਚ ਵੰਡਦੀ ਜਾ ਰਹੀ ਪੰਜਾਬ ਕਾਂਗਰਸ ਨੂੰ ਇੱਕ ਮੰਚ 'ਤੇ ਲਿਆਉਣ ਦੇ ਲਈ ਵੀ ਰਾਹੁਲ ਗਾਂਧੀ ਦੀ ਇਹ ਫੇਰੀ ਕਾਫੀ ਮਾਇਨੇ ਰੱਖਦੀ ਹੈ। ਹਾਲਾਂਕਿ ਉਹਨਾਂ ਨੇ ਕਿਸੇ ਵੀ ਤਰਾਂ ਦੀ ਪਾਰਟੀ ਦੇ ਨਾਲ ਮੀਟਿੰਗ ਦਾ ਕੋਈ ਪਲੈਨ ਨਹੀਂ ਕੀਤਾ ਹੈ ਪਰ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਇੰਡੀਆ ਗਠਜੋੜ 'ਤੇ ਸਵਾਲ ਖੜੇ ਹੋ ਰਹੇ ਨੇ ਉੱਥੇ ਹੀ ਪੰਜਾਬ ਕਾਂਗਰਸ ਦੀ ਧੜੇਬਾਜ਼ੀ ਵੀ ਖੁੱਲ ਕੇ ਸਾਹਮਣੇ ਆ ਰਹੀ ਹੈ।
ਪਿਛਲੇ ਦਿਨੀ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਇੱਕ ਕੇਸ ਅੰਦਰ ਅਦਾਲਤ ਵੱਲੋਂ ਰਾਹਤ ਮਿਲਣ ਤੋਂ ਬਾਅਦ 1984 ਸਿੱਖ ਕਤਲੇਆਮ ਪੀੜਤਾਂ ਵੱਲੋਂ ਕਾਂਗਰਸ ਦੀ ਜੰਮ ਕੇ ਵਿਰੋਧਤਾ ਕੀਤੀ ਗਈ ਸੀ। ਅੱਜ ਤੱਕ ਗਾਂਧੀ ਪਰਿਵਾਰ ਵੱਲੋਂ ਆਪਰੇਸ਼ਨ ਬਲੂ ਸਟਾਰ ਅਤੇ 1984 ਸਿੱਖ ਕਤਲੇਆਮ ਨਾਲ ਸਬੰਧੀ ਜਨਤਕ ਤੌਰ 'ਤੇ ਕਬੂਲਨਾਮਾ ਨਾ ਕਰਨ 'ਤੇ ਸਿੱਖ ਕੌਮ ਵਿੱਚ ਸ਼ੁਰੂ ਤੋਂ ਹੀ ਮਲਾਲ ਰਿਹਾ ਹੈ। ਰਾਹੁਲ ਗਾਂਧੀ ਦੀ ਸ੍ਰੀ ਹਰਿਮੰਦਰ ਸਾਹਿਬ ਫੇਰੀ ਸਿੱਖ ਕੌਮ ਦੇ ਇਸ ਮਲਾਲ ਨੂੰ ਦੂਰ ਕਰਨ ਦੇ ਵਿੱਚ ਕਿੰਨੀ ਕੁ ਕਾਰਗਰ ਸਾਬਿਤ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਫੇਰੀ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਹੋਈ ਹੈ।
2024 ਲੋਕ ਸਭਾ ਚੋਣਾਂ:ਰਾਹੁਲ ਗਾਂਧੀ ਨੇ ਆਪਣੀ ਇਸ ਧਾਰਮਿਕ ਫੇਰੀ ਦੇ ਦੌਰਾਨ ਮੀਡੀਆ ਦੇ ਵਿੱਚ ਕੋਈ ਖੁੱਲ ਕੇ ਗੱਲਬਾਤ ਵੀ ਨਹੀਂ ਕੀਤੀ ਹੈ ਪਰ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਉਹਨਾਂ ਦੀ ਸੇਵਾ ਕਰਨ ਦੀਆਂ ਤਸਵੀਰਾਂ, ਕੀਰਤਨ ਸਰਵਣ ਕਰਨ ਦੀਆਂ ਤਸਵੀਰਾਂ ਜਰੂਰ ਸਾਹਮਣੇ ਆਈਆਂ ਹਨ। 2019 ਲੋਕ ਸਭਾ ਚੋਣਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਕੌਮ ਨੂੰ ਇਨਸਾਫ਼ ਦਵਾਉਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸੱਜਣ ਕੁਮਾਰ ਦੇ ਖਿਲਾਫ ਚਾਰਜਸ਼ੀਟ ਦਾਖਲ ਹੋਈ ਸੀ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਣੇ ਭਾਜਪਾ ਦੇ ਵੱਡੇ ਲੀਡਰ ਇਸ ਦਾ ਖੁੱਲ ਕੇ ਪ੍ਰਚਾਰ ਵੀ ਕਰਦੇ ਰਹੇ ਹਨ, ਹਾਲਾਂਕਿ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ 13 ਸੀਟਾਂ ਹੀ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਨੂੰ 2019 ਲੋਕ ਸਭਾ ਚੋਣਾਂ ਦੇ ਵਿੱਚ ਇਸ ਦਾ ਫਾਇਦਾ ਜ਼ਰੂਰ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਹੀ ਰਾਹੁਲ ਗਾਂਧੀ ਦੀ ਸਿੱਖ ਕੌਮ ਪ੍ਰਤੀ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਸ਼ਰਧਾ ਅਤੇ ਭਾਵਨਾ ਦੀ ਫੇਰੀ ਧਾਰਮਿਕ ਤੌਰ 'ਤੇ ਵੀ ਵੇਖੀ ਜਾ ਰਹੀ ਹੈ। ਹਾਲਾਂਕਿ ਭਾਜਪਾ ਦਾ ਕਹਿਣਾ ਹੈ ਕਿ ਇਸ ਨਾਲ ਰਾਹੁਲ ਗਾਂਧੀ ਦੀ ਅਤੇ ਗਾਂਧੀ ਪਰਿਵਾਰ ਦਾ ਅਕਸ ਸਾਫ਼ ਨਹੀਂ ਹੋਵੇਗਾ ਕਿਉਂਕਿ ਪੰਜਾਬੀ 1984 ਦੇ ਜ਼ਖਮਾਂ ਨੂੰ ਕਦੇ ਨਹੀਂ ਭੁੱਲ ਸਕਦੇ।
1984 'ਤੇ ਵਿਰੋਧੀਆਂ ਦੇ ਸਵਾਲ:ਭਾਜਪਾ ਦੇ ਬੁਲਾਰੇ ਗੁਰਦੀਪ ਗੋਸ਼ਾ ਨੇ ਕਿਹਾ ਕਿ 'ਕਾਂਗਰਸ ਵੱਲੋਂ ਕਮਲਨਾਥ ਨੂੰ ਸੀਐਮ ਅਹੁਦਾ ਦੇਣਾ, ਜਗਦੀਸ਼ ਟਾਈਟਲਰ ਨੂੰ ਪਾਰਟੀ ਦੇ ਵਿੱਚ ਮਾਣ ਸਨਮਾਨ ਦੇਣਾ, 34 ਸਾਲ ਤੱਕ ਸੱਜਣ ਕੁਮਾਰ ਨੂੰ ਸ਼ੈਅ ਦੇਣ ਵਾਲੀ ਕਾਂਗਰਸ ਨੂੰ ਪੰਜਾਬ ਦੇ ਲੋਕ ਨਹੀਂ ਭੁੱਲ ਸਕਦੇ'। ਉਹਨਾਂ ਅਕਾਲੀ ਦਲ 'ਤੇ ਵੀ ਸਵਾਲ ਖੜੇ ਕਰਦੇ ਕਿਹਾ ਕਿ 1984 ਨੂੰ ਲੈ ਕੇ ਅਕਸਰ ਹੀ ਬਿਆਨਬਾਜ਼ੀ ਕਰਨ ਵਾਲੀ ਅਤੇ ਆਪਣੇ ਆਪ ਨੂੰ ਸਿੱਖ ਹੱਤਿਆਸ਼ੀ ਪਾਰਟੀ ਕਹਾਉਣ ਵਾਲੀ ਅਕਾਲੀ ਦਲ ਵੱਲੋਂ ਵੀ ਹਾਲੇ ਤੱਕ ਕੋਈ ਇਸ ਸਬੰਧੀ ਬਿਆਨ ਨਹੀਂ ਆਇਆ। ਭਾਜਪਾ ਦੇ ਬੁਲਾਰੇ ਨੇ ਕਿਹਾ ਹੈ ਕਿ ਹੁਣ ਅਕਾਲੀ ਦਲ ਚੁੱਪ ਕਿਉਂ ਹੈ?
ਇੰਡੀਆ ਗਠਜੋੜ: ਇੱਕ ਪਾਸੇ ਜਿੱਥੇ ਗਰਮ ਖਿਆਲੀਆਂ ਅਤੇ ਖਾਲਿਸਤਾਨੀ ਮੁੱਦੇ ਨੂੰ ਲੈ ਕੇ ਭਾਰਤ ਅਤੇ ਕਨੈਡਾ ਦੇ ਵਿਚਕਾਰ ਲਗਾਤਾਰ ਤਲਖੀ ਚੱਲ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਸਟਿਨ ਟਰੂਡੋ ਨੂੰ ਦਿੱਤੇ ਗਏ ਜਵਾਬ ਦਾ ਪੂਰੀ ਦੁਨੀਆਂ ਦੇ ਵਿੱਚ ਸੁਨੇਹਾ ਗਿਆ ਹੈ, ਉੱਥੇ ਹੀ ਰਾਹੁਲ ਗਾਂਧੀ ਵੱਲੋਂ ਇਸ ਪੂਰੇ ਮਾਮਲੇ ਦੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਆ ਕੇ ਦੋ ਦਿਨ ਸਿਰਫ ਸੇਵਾ ਕਰਨ ਅਤੇ ਪੰਜਾਬੀਆਂ ਦਾ ਦਿਲ ਜਿੱਤਣ ਸਬੰਧੀ ਵੀ ਮਾਹਿਰਾਂ ਨੇ ਇਸ਼ਾਰਾ ਕੀਤਾ ਹੈ। ਦੂਜੇ ਪਾਸੇ ਸੁਖਪਾਲ ਖਹਿਰਾ ਦੀ ਬੀਤੇ ਦਿਨੀਂ ਹੋਈ ਗ੍ਰਿਫਤਾਰੀ ਕਰਕੇ ਇੰਡੀਆ ਅਲਾਇੰਸ ਦੇ ਵਿੱਚ ਦਰਾਰਾਂ ਵੇਖਣ ਨੂੰ ਮਿਲ ਰਹੀਆਂ ਨੇ, ਹਾਲਾਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਪਹਿਲਾਂ ਹੀ ਆਪਣੀ ਸਫਾਈ ਦੇ ਚੁੱਕੇ ਨੇ ਕਿ ਰਾਹੁਲ ਗਾਂਧੀ ਦੇ ਇਸ ਦੌਰੇ ਨੂੰ ਉਹਨਾਂ ਨੇ ਧਾਰਮਿਕ ਅਤੇ ਪੂਰੀ ਤਰ੍ਹਾਂ ਨਿੱਜੀ ਕਰਾਰ ਦਿੱਤਾ ਹੈ।
ਘੱਟ ਗਿਣਤੀਆਂ ਦੀਆਂ ਵੋਟਾਂ:ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਸਿਆਸੀ ਮਾਈਲੇਜ ਇਸ ਦੌਰੇ ਦੇ ਨਾਲ ਨਹੀਂ ਮਿਲੇਗੀ। ਉਹਨਾਂ ਕਿਹਾ ਕੇ ਗੁਰੂ ਘਰ ਦੇ ਦਰਵਾਜ਼ੇ ਭਾਵੇਂ ਸਾਰਿਆਂ ਦੇ ਲਈ ਖੁੱਲੇ ਹਨ ਪਰ ਉਹ ਕਿਸ ਮੰਨਸ਼ਾ ਦੇ ਨਾਲ ਆ ਰਹੇ ਹਨ ਇਹ ਗੱਲ ਕਹਿਣੀ ਔਖੀ ਹੈ। ਉਹਨਾਂ ਦੱਸਿਆ ਕਿ ਇੰਡੀਆ ਗਠਜੋੜ ਘੱਟ ਗਿਣਤੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਹੈ। ਉਹਨਾਂ ਦਾ ਮੁੱਖ ਕੇਂਦਰ ਘੱਟ ਗਿਣਤੀਆਂ 'ਤੇ ਹੈ ਜਿਨ੍ਹਾਂ ਦੇ ਵਿੱਚ ਪੰਜਾਬੀ ਅਤੇ ਸਿੱਖ ਕੌਮ ਵੀ ਆਉਂਦੀ ਹੈ। ਇਸ ਕਰਕੇ ਕੇਂਦਰ ਭਾਜਪਾ ਸਰਕਾਰ ਦੇ ਸਤਾਏ ਹੋਏ ਘੱਟ ਗਿਣਤੀ ਭਾਈਚਾਰੇ ਦਾ ਸਮਰਥਨ ਲੈਣ ਲਈ ਵੀ ਰਾਹੁਲ ਗਾਂਧੀ ਦਾ ਇਹ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਦੌਰਾ ਹੋ ਸਕਦਾ ਹੈ ਪਰ ਇਸ ਦਾ ਉਹਨਾਂ ਨੂੰ ਕਿੰਨਾ ਫਾਇਦਾ ਹੋਵੇਗਾ ਇਹ ਕਹਿਣਾ ਹਾਲੇ ਮੁਸ਼ਕਿਲ ਹੈ।
ਰਾਹੁਲ ਦੀ ਫੇਰੀ 'ਤੇ ਕਾਂਗਰਸ ਦਾ ਪੱਖ: ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਨੇ ਫੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਪਹਿਲਾ ਹੀ ਸਾਫ ਕਰ ਚੁੱਕੇ ਨੇ ਕਿ ਉਹਨਾਂ ਦੀ ਅੰਮ੍ਰਿਤਸਰ ਫੇਰੀ ਪੂਰੀ ਤਰ੍ਹਾਂ ਨਿੱਜੀ ਅਤੇ ਧਾਰਮਿਕ ਹੈ। ਵਿਰੋਧੀ ਪਾਰਟੀਆਂ ਇਸ ਨੂੰ ਸਿਆਸਤ ਨਾਲ ਜੋੜ ਕੇ ਨਾ ਵੇਖਣ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਇਕੱਲੇ ਹੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਸੇਵਾ ਕੀਤੀ ਹੈ। ਪਾਰਟੀ ਦੇ ਵਰਕਰ ਜਾਂ ਵੱਡੇ ਆਗੂ ਵੀ ਉਹਨਾਂ ਨੂੰ ਮਿਲਣ ਨਹੀਂ ਗਏ।