ਲੁਧਿਆਣਾ: ਲੁਧਿਆਣਾ ਤੋਂ ਕਾਂਗਰਸ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ 'ਚ ਰਾਹੁਲ ਗਾਂਧੀ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਰਾਫ਼ੇਲ ਡੀਲ, ਬੇਰੁਜ਼ਗਾਰੀ, ਕਿਸਾਨ ਕਰਜ਼ਾਮਾਫ਼ੀ ਤੇ ਕਈ ਮੁੱਦਿਆਂ ਨੂੰ ਲੈ ਕੇ ਭਾਜਪਾ ਨੂੰ ਘੇਰਿਆ।
ਇਸ ਮੌਕੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਦਾ ਚੌਂਕੀਦਾਰ ਚੋਰ ਹੈ, ਕਿਉਂਕਿ ਉਸ ਨੇ ਗ਼ਰੀਬਾਂ ਦਾ ਪੈਸਾ ਅਨਿਲ ਅੰਬਾਨੀ ਵਰਗੇ ਵੱਡੇ ਲੋਕਾਂ 'ਚ ਵੰਡ ਦਿੱਤਾ। ਰਾਹੁਲ ਨੇ ਕਿਹਾ ਕਿ ਉਹ ਕਿਸਾਨਾਂ ਦੇ ਵਿਕਾਸ ਲਈ ਵਿਸ਼ੇਸ਼ ਕਿਸਾਨ ਬਜਟ ਲਿਆਇਆ ਕਰਨਗੇ।
ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਮੁੜ ਨਰਿੰਦਰ ਮੋਦੀ ਨੂੰ ਸਿੱਧੀ ਰਾਫੇਲ ਡੀਲ, ਭ੍ਰਿਸ਼ਟਾਚਾਰ 'ਤੇ ਬਹਿਸ ਦੀ ਚੁਣੌਤੀ ਦਿਤੀ। ਰਾਹੁਲ ਨੇ ਕਿਹਾ ਕਿ ਮੋਦੀ ਉਨ੍ਹਾਂ ਦੇ ਪਰਿਵਾਰ 'ਤੇ ਹਮਲੇ ਕਰਦੇ ਹਨ ਪਰ ਉਨ੍ਹਾਂ ਨੇ ਕਦੇ ਵੀ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਜਿਉਂਦੇ ਹਨ, ਤੇ ਪੰਜਾਬ ਦਾ ਡੀਐੱਨਏ ਹੈ।
ਮੋਦੀ ਸਰਕਾਰ ਨੇ ਦੇਸ਼ ਅਤੇ ਲੁਧਿਆਣਾ ਦੇ ਛੋਟੇ ਵਪਾਰੀਆਂ ਨੂੰ ਖ਼ਤਮ ਕਰ ਦਿੱਤਾ ਪਰ ਕਾਂਗਰਸ ਸਰਕਾਰ ਉਨ੍ਹਾਂ ਨੂੰ ਮੁੜ ਸੁਰਜੀਤ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸੱਤਾ 'ਚ ਆਉਂਦਿਆਂ ਸਭ ਤੋਂ ਪਹਿਲਾਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਗੇ।