ਲੁਧਿਆਣਾ: ਪੰਜਾਬ ਵਿੱਚ ਨਸ਼ੇ ਦੇ ਛੇਵੇਂ ਦਰਿਆ ਵਿੱਚ ਲਗਾਤਾਰ ਨੌਜਵਾਨ ਪੀੜ੍ਹੀ ਡੁੱਬਦੀ ਜਾ ਰਹੀ ਹੈ। ਪੰਜਾਬ ਵਿੱਚ ਸਰਕਾਰਾਂ ਤਾਂ ਬਦਲ ਗਈਆਂ ਪਰ ਹਾਲਾਤ ਹਾਲੇ ਤੱਕ ਨਹੀਂ ਬਦਲੇ। ਪਿਛਲੇ ਤਿੰਨ ਹਫ਼ਤਿਆਂ ਦੇ ਵਿੱਚ ਪੰਜਾਬ ਦੇ ਅੰਦਰ ਨਸ਼ੇ ਦੀ ਓਵਰਡੋਜ਼ ਨਾਲ ਕਰੀਬ ਦੋ ਦਰਜਨ ਨੌਜਵਾਨਾਂ ਦੀ ਮੌਤ ਹੋ ਚੁੱਕੀ (Drug Deaths in Punjab) ਹੈ ਇਕੱਲੇ ਮੋਗਾ ’ਚ ਹੀ ਇਕ ਹਫ਼ਤੇ ਅੰਦਰ ਤਿੰਨ ਨੌਜਵਾਨਾਂ ਨੇ ਨਸ਼ੇ ਦੀ ਓਵਰਡੋਜ਼ ਨਾਲ ਦਮ ਤੋੜ ਦਿੱਤਾ। ਇੰਨਾ ਹੀ ਨਹੀਂ ਬਰਨਾਲਾ ਡੀ ਐੱਸ ਪੀ ਦਫਤਰ ਦੇ ਸਾਹਮਣੇ ਹੀ ਇਕ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਦਮ ਤੋੜ ਗਿਆ। ਉਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਮਾਛੀਵਾੜਾ ਦੇ ਵਿੱਚ ਵੀ ਪਰਿਵਾਰ ਨੂੰ ਆਪਣੇ ਪੁੱਤਰ ਦੀ ਲਾਸ਼ ਖੇਤਾਂ ’ਚੋਂ ਮਿਲੀ ਅਤੇ ਨੇੜੇ ਸਰਿੰਜ ਬਰਾਮਦ ਹੋਈ ਜਿਸ ਤੋਂ ਅੰਦਾਜ਼ਾ ਲਾਇਆ ਗਿਆ ਕਿ ਪੁੱਤਰ ਨਸ਼ੇ ਦਾ ਆਦੀ ਸੀ ਅਤੇ ਨਸ਼ਾ ਉਸ ਨੂੰ ਭਰੀ ਜਵਾਨੀ ਵਿੱਚ ਨਿਗਲ ਗਿਆ।
ਨਸ਼ੇ ਦੇ ਨਾਲ ਮੌਤਾਂ ਦਾ ਸਿਲਸਿਲਾ ਜਾਰੀ : ਲੁਧਿਆਣਾ ਦੇ ਮਾਛੀਵਾੜਾ ਦੇ ਪਿੰਡ ਬਹਿਲੋਲਪੁਰ ਵਿੱਚ ਇਕ ਮਹੰਤ ਦੇ ਘਰ ਦੇ ਬਾਹਰ ਨੌਜਵਾਨ ਦੀ ਲਾਸ਼ ਮਿਲੀ ਜਿੱਥੋਂ ਖਾਲੀ ਸਰਿੰਜ ਬਰਾਮਦ ਹੋਈ। ਜਾਣਕਾਰੀ ਅਨੁਸਾਰ ਨੌਜਵਾਨ ਨੂੰ ਚਾਰ ਵਾਰ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ ਇਸਦੇ ਬਾਵਜੂਦ ਉਹ ਨਸ਼ਾ ਨਹੀਂ ਛੱਡ ਸਕਿਆ ਪਰ ਮੌਤ ਨੇ ਉਸਨੂੰ ਜ਼ਰੂਰ ਗਲ ਲਾ ਲਿਆ। ਮ੍ਰਿਤਕ ਦੀ ਉਮਰ 33 ਸਾਲ ਦੀ ਸੀ ਅਤੇ ਉਸ ਦੇ ਤਿੰਨ ਬੱਚੇ ਨੇ ਹੁਣ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਮਾਂ ਨੇ ਰੋ ਰੋ ਕੇ ਆਪਣੀ ਹੱਡਬੀਤੀ ਦੱਸੀ ਅਤੇ ਕਿਹਾ ਕਿ ਉਸ ਦੀ ਧੀ ਪੁੱਤ ਨੂੰ ਨਸ਼ਿਆਂ ਨੇ ਨਿਗਲ ਲਿਆ ਹੁਣ ਪੁਲਿਸ ਉਸ ਨੂੰ ਫੜੇ ਜਿਸ ਨੇ ਉਸ ਦੇ ਪੁੱਤ ਨੂੰ ਮਾਰਿਆ ਹੈ ਜੋ ਉਸ ਦੇ ਪੁੱਤ ਨੂੰ ਨਸ਼ਾ ਵੇਚਦਾ ਸੀ।
ਉੱਥੇ ਹੀ ਦੂਜੇ ਪਾਸੇ ਮੋਗਾ ਦੇ ਵਿਚ ਵੀ ਇਕ ਹਫ਼ਤੇ ਅੰਦਰ ਨਸ਼ੇ ਦੇ ਨਾਲ ਤਿੰਨ ਮੌਤਾਂ ਹੋਈਆਂ। ਪਹਿਲਾ ਮਾਮਲਾ ਮੋਗਾ ਦੇ ਪਿੰਡ ਢੋਲੇਵਾਲਾ ਤੋਂ ਸਾਹਮਣੇ ਆਇਆ ਹੈ ਜਿਥੇ 24 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਉਸ ਦੀ ਸ਼ਨਾਖਤ ਰਵਿੰਦਰ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਮਹਿਜ਼ 28 ਸਾਲ ਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਬਾਥਰੂਮ ਵਿਚ ਗਿਆ ਸੀ ਜਿਥੇ ਉਸ ਨੇ ਟੀਕਾ ਲਗਾਇਆ ਅਤੇ ਉਹ ਵਾਪਿਸ ਨਹੀਂ ਆਇਆ ਜਿਸ ਤੋਂ ਬਾਅਦ ਉਸ ਦੀ ਲਾਸ਼ ਬਰਾਮਦ ਹੋਈ। ਦੂਜਾ ਮਾਮਲਾ ਮੋਗਾ ਦੇ ਪਿੰਡ ਸਣੇ ਨਾਂ ਤੋਂ ਸਾਹਮਣੇ ਆਇਆ ਜਿਥੇ 31 ਸਾਲ ਦੀ ਗੁਰਪ੍ਰੀਤ ਚਿੱਟੇ ਦੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਗੁਰਪ੍ਰੀਤ ਦਾ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦਾ ਦੋ ਸਾਲ ਦਾ ਬੱਚਾ ਵੀ ਹੈ।
ਇੰਨਾ ਹੀ ਨਹੀਂ ਪੰਜਾਬ ਦਾ ਸ਼ਾਇਦ ਹੀ ਕੋਈ ਜ਼ਿਲ੍ਹਾ ਹੋਵੇਗਾ ਜਿਥੇ ਬੀਤੇ ਕੁਝ ਸਮੇਂ ’ਚ ਨਸ਼ੇ ਦੀ ਓਵਰਡੋਜ਼ ਨਾਲ ਕਿਸੇ ਦੀ ਮੌਤ ਨਾ ਹੋਈ ਹੋਵੇ। ਓਧਰ ਬਰਨਾਲਾ ਦੇ ਵਿੱਚ ਤਿੰਨ ਦਿਨ ਪਹਿਲਾਂ ਹੀ ਡੀ ਐੱਸ ਪੀ ਦਫਤਰ ਦੇ ਸਾਹਮਣੇ ਹੀ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ। ਦੁਸਹਿਰਾ ਗਰਾਊਂਡ ’ਚ ਉਸ ਦੀ ਲਾਸ਼ ਬਰਾਮਦ ਹੋਈ, ਮ੍ਰਿਤਕ ਦੀ ਸ਼ਨਾਖਤ ਹਰਗੋਬਿੰਦ ਸਿੰਘ ਵਜੋਂ ਹੋਈ ਜਿਸ ਦੀ ਉਮਰ ਮਹਿਜ਼ 25 ਸਾਲ ਦੀ ਸੀ।
ਅਜਿਹੇ ਹੋਰ ਵੀ ਕਈ ਮਾਮਲੇ ਨੇ ਪੰਜਾਬ ਦੇ ਵਿੱਚ ਲਗਾਤਾਰ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਰਹੀ ਹੈ। ਓਧਰ ਬਠਿੰਡਾ ਦੇ ਵਿੱਚ ਇਕ ਦੋ ਹਫ਼ਤਿਆਂ ਅੰਦਰ 9 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਜਿੰਨ੍ਹਾਂ ਦੀ ਉਮਰ ਮਹਿਜ਼ 17 ਸਾਲ ਤੋਂ ਲੈ ਕੇ 25 ਸਾਲ ਦੇ ਵਿਚਕਾਰ ਸੀ। ਸ਼ਰੇਆਮ ਨਸ਼ਾ ਵਿਕ ਰਿਹਾ ਹੈ ਸਰਕਾਰਾਂ ਦਾਅਵੇ ਤਾਂ ਕਰਦੀਆਂ ਰਹੀਆਂ ਪਰ ਨਸ਼ੇ ਤੇ ਲਗਾਮ ਲਗਾਉਣ ਚ ਹੁਣ ਤੱਕ ਅਸਫਲ ਸਾਬਿਤ ਰਹੀਆਂ ਨੇ.
ਸਰਕਾਰਾਂ ਦੇ ਦਾਅਵੇ ਫੇਲ੍ਹ: ਪੰਜਾਬ ਵਿੱਚ ਸਰਕਾਰਾਂ ਦੇ ਦਾਅਵੇ ਲਗਾਤਾਰ ਨਸ਼ੇ ਨੂੰ ਲੈ ਕੇ ਫੇਲ੍ਹ ਹੁੰਦੇ ਵਿਖਾਈ ਦੇ ਰਹੇ ਹਨ। ਪੰਜਾਬ ਵਿੱਚ 2017 ਅੰਦਰ ਕਾਂਗਰਸ ਵੱਲੋਂ ਨਸ਼ੇ ਦੇ ਮੁੱਦੇ ’ਤੇ ਸਰਕਾਰ ਬਣਾਈ ਗਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਚਾਰ ਹਫਤਿਆਂ ਵਿਚ ਨਸ਼ਾ ਜੜ੍ਹ ਤੋਂ ਖਤਮ ਕਰਨ ਦਾ ਦਾਅਵਾ ਕੀਤਾ ਸੀ ਪਰ ਨਸ਼ਾ ਖ਼ਤਮ ਨਹੀਂ ਹੋਇਆ ਪਰ ਪੰਜਾਬ ਵਿੱਚੋਂ ਕਾਂਗਰਸ ਦੀ ਸਰਕਾਰ ਜ਼ਰੂਰ ਖ਼ਤਮ ਹੋ ਗਈ। 2015 ਤੋਂ ਲੈ ਕੇ 2016 ਦੇ ਦੌਰਾਨ ਹੋਏ ਸਰਵੇਖਣਾਂ ’ਚ ਇਹ ਸਾਹਮਣੇ ਆਇਆ ਸੀ ਕਿ ਪੰਜਾਬ ਵਿੱਚ ਨਸ਼ਾ ਕਰਨ ਵਾਲੇ ਜ਼ਿਆਦਾਤਰ 99 ਫ਼ੀਸਦੀ ਪੁਰਸ਼ ਹੀ ਹਨ ਪਰ ਹੁਣ ਮਹਿਲਾਵਾਂ ਵੀ ਨਸ਼ੇ ਦੀ ਦਲਦਲ ਵਿੱਚ ਧਸਦੀਆਂ ਜਾ ਰਹੀਆਂ ਹਨ।