ਲੁਧਿਆਣਾ: ਆਮ ਆਦਮੀ ਪਾਰਟੀ (Aam Aadmi Party) ਦੀ ਵਿਧਾਇਕਾ ਰੁਪਿੰਦਰ ਰੂਬੀ (Rupinder Ruby) ਵੱਲੋਂ ਕਾਂਗਰਸ ’ਚ ਸ਼ਾਮਿਲ ਹੋਣ ਤੋਂ ਬਾਅਦ ਪੰਜਾਬ ਅੰਦਰ ਜੋੜ ਤੋੜ ਦੀ ਰਾਜਨੀਤੀ ਦਾ ਸਿਆਸੀ ਭੂਚਾਲ ਆ ਗਿਆ ਹੈ। ਬੀਤੇ ਦਿਨ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਵੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਚੰਨੀ ਦੀ ਤਾਰੀਫ਼ ਕਰ ਰਹੇ ਹਨ ਅਤੇ ਉਸ ਨੂੰ ਜੱਫੀ ਪਾ ਰਹੇ ਹਨ। ਇਹ ਵੀ ਕਿਆਸਰਾਈਆਂ ਚੱਲ ਰਹੀਆਂ ਨੇ ਕਿ ਉਹ ਕਾਂਗਰਸ ’ਚ ਸ਼ਾਮਿਲ ਹੋ ਸਕਦੇ ਹਨ ਜਿਸ ਨੂੰ ਲੈ ਕੇ ਭਾਜਪਾ ਨੇ ਵੀ ਆਮ ਆਦਮੀ ਪਾਰਟੀ ’ਤੇ ਤੰਜ਼ ਕੱਸਿਆ ਹੈ। ਭਾਜਪਾ ਦਾ ਕਹਿਣੈ ਕਿ ਜੇਕਰ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ ਭਾਜਪਾ ’ਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਉਸ ਨੂੰ ਖੁੱਲ੍ਹਾ ਸੱਦਾ ਹੈ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੀਆਂ ਸਫ਼ਾਈਆਂ ਦਿੰਦੇ ਵਿਖਾਈ ਦੇ ਰਹੇ ਨੇ ਅਤੇ ਕਹਿ ਰਹੇ ਨੇ ਕਿ ਜੋ ਸੁਖਪਾਲ ਸਿੰਘ ਖਹਿਰਾ ਦੇ ਨਾਲ ਉਸ ਵੇਲੇ ਜੁੜੇ ਸਨ ਉਹ ਵਿਧਾਇਕ ਹੀ ਆਮ ਆਦਮੀ ਪਾਰਟੀ ਛੱਡ ਕਾਂਗਰਸ ’ਚ ਸ਼ਾਮਿਲ ਹੋ ਰਹੇ ਹਨ ਜਿਨ੍ਹਾਂ ਦਾ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
ਆਪ ਆਗੂਆਂ ਦੇ ਪਾਰਟੀ ਛੱਡਣ ਨੇ ਭਖਾਈ ਪੰਜਾਬ ਦੀ ਸਿਆਸਤ, ਵਿਰੋਧੀਆਂ ਤੇ ਆਮ ਲੋਕਾਂ ਨੇ ਚੁੱਕੇ ਸਵਾਲ
ਪੰਜਾਬ ’ਚ ਚੋਣਾਂ ਤੋਂ ਪਹਿਲਾਂ ਦਲ ਬਦਲੀ ਦੀ ਰਾਜਨੀਤੀ ਵੀ ਵਧਣ ਲੱਗੀ ਹੈ। ਲਗਾਤਾਰ ਸਿਆਸੀ ਆਗੂ ਮੌਕਾ ਵੇਖ ਪਾਰਟੀ ਛੱਡ ਦੂਜੀ ਪਾਰਟੀ ਦੇ ਵਿੱਚ ਜਾ ਰਹੇ ਹਨ। ਪਿਛਲੇ ਦਿਨੀਂ ਆਪ ਵਿਧਾਇਕਾ ਤੋਂ ਬਾਅਦ ਆਪ ਦੇ ਹੀ ਇੱਕ ਹੋਰ ਆਗੂ ਦੇ ਕਾਂਗਰਸ ਦੇ ਵਿੱਚ ਜਾਣ ਦੀ ਚਰਚਾ ਜ਼ੋਰ ਫੜ ਰਹੀ ਹੈ। ਇਸਨੂੰ ਲੈ ਕੇ ਵਿਰੋਧੀਆਂ ਵੱਲੋਂ ਆਪ ’ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਨਾਲ ਹੀ ਆਮ ਲੋਕਾਂ ਵੱਲੋਂ ਦਲ ਬਦਲਣ ਵਾਲੇ ਲੀਡਰਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਗਈਆਂ ਹਨ।
ਇੰਨਾ ਹੀ ਨਹੀਂ ਦੂਜੇ ਪਾਸੇ ਹਲਕਾ ਰਾਏਕੋਟ ਤੋਂ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਜਦੋਂ ਸੁਖਪਾਲ ਸਿੰਘ ਖਹਿਰਾ (Sukhpal Singh Khaira) ਆਪ ਤੋਂ ਵੱਖਰੇ ਹੋਏ ਤਾਂ ਉਨ੍ਹਾਂ ਦੇ ਨਾਲ ਚਲੇ ਗਏ। ਬੀਤੇ ਦਿਨ ਮੁੜ ਤੋਂ ਉਨ੍ਹਾਂ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਚੰਨੀ ਦੀਆਂ ਤਾਰੀਫਾਂ ਕਰ ਰਹੇ ਹਨ। ਕਿਆਸਰਾਈਆਂ ਲੱਗ ਰਹੀਆਂ ਨੇ ਕਿ ਉਹ ਕਾਂਗਰਸ ’ਚ ਜਾ ਸਕਦੇ ਹਨ। ਉਥੇ ਹੀ ਜਗਰਾਉਂ ਤੋਂ ਵੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਮਾਣੂੰਕੇ ਦੀ ਇਕ ਵੀਡੀਓ ਅਕਾਲੀ ਦਲ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਾਇਰਲ ਕੀਤੀ ਹੈ ਜਿਸ ਵਿੱਚ ਉਹ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਕਿਸੇ ਕੰਮ ਬਾਰੇ ਕਹਿ ਰਹੇ ਹਨ। ਹਾਲਾਂਕਿ ਇਸ ਮਾਮਲੇ ’ਤੇ ਸਰਬਜੀਤ ਕੌਰ ਮਾਣੂੰਕੇ ਨੇ ਸਫ਼ਾਈ ਵੀ ਦਿੱਤੀ ਹੈ ਅਤੇ ਕਿਹਾ ਕਿ ਸਥਾਨਕ ਆਈਆਈਟੀ ਲਈ ਹੀ ਉਨ੍ਹਾਂ ਨੇ ਸਰਕਾਰ ਨੂੰ ਕੰਮ ਸ਼ੁਰੂਆਤ ਕਰਵਾਉਣ ਲਈ ਕਿਹਾ ਹੈ।
ਕੀ ਵਿਧਾਨ ਸਭਾ ਚੋਣਾਂ ਚ ਹੋਵੇਗਾ ਨੁਕਸਾਨ ?
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਬਚਿਆ ਹੈ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਗਾਤਾਰ ਕਾਂਗਰਸ ਵੱਲ ਜੋ ਝੁਕਾਅ ਵਿਖਾ ਰਹੇ ਹਨ ਉਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਲਈ ਵੱਡਾ ਖ਼ਤਰਾ ਆਉਣ ਵਾਲੇ ਦਿਨਾਂ ’ਚ ਪੈਦਾ ਹੋ ਸਕਦਾ ਹੈ। ਇਸ ਮਾਮਲੇ ’ਤੇ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਕਿਸੇ ਦੇ ਜਾਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਆਪ ਤੋਂ ਜੇਕਰ ਕਾਂਗਰਸ ’ਚ ਸ਼ਾਮਲ ਹੋ ਰਹੇ ਤਾਂ ਆਗੂ ਕਾਂਗਰਸ ਅਤੇ ਅਕਾਲੀ ਦਲ ਤੋਂ ਵੀ ਆਪ ’ਚ ਆ ਰਹੇ ਹਨ।
ਲੋਕਾਂ ਦੇ ਆਪ ਵਿਧਾਇਕਾਂ ’ਤੇ ਪ੍ਰਤੀਕਰਮ
ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਵੱਲੋਂ ਸੱਤਾ ਧਿਰ ਵੱਲ ਰੁਝਾਨ ਹੋਣ ਦੇ ਨਾਲ ਆਮ ਲੋਕਾਂ ਨੇ ਕਿਹਾ ਕਿ ਇਸ ਦਾ ਸਥਾਨਕ ਹਲਕੇ ਵਿਚ ਵਿਕਾਸ ਕਾਰਜਾਂ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਫੂਲਕਾ ਹਲਕਾ ਛੱਡ ਕੇ ਚਲੇ ਗਏ ਜਿਸ ਤੋਂ ਬਾਅਦ ਰਾਏਕੋਟ ਤੋਂ ਵਿਧਾਇਕ ਵੀ ਸੁਖਪਾਲ ਖਹਿਰਾ ਨਾਲ ਚਲੇ ਗਏ ਜਿਸ ਨਾਲ ਹਲਕੇ ਚ ਹੋਣ ਵਾਲੇ ਵਿਕਾਸ ਕਾਰਜਾਂ ’ਤੇ ਮਾੜਾ ਪ੍ਰਭਾਵ ਪਿਆ। ਲੋਕਾਂ ਦਾ ਕਹਿਣੈ ਕਿ ਜੋ ਕੰਮ ਸਮੇਂ ਸਿਰ ਹੋ ਜਾਣੇ ਚਾਹੀਦੇ ਸਨ ਉਹ ਲਟਕ ਗਏ ਹਨ।
ਕੈਪਟਨ ਸੰਧੂ ਨੇ ਚੁੱਕੇ ਸਵਾਲ
ਉਧਰ ਦੂਜੇ ਪਾਸੇ ਕਾਂਗਰਸ ਤੋਂ ਸੀਨੀਅਰ ਆਗੂ ਕੈਪਟਨ ਸੰਦੀਪ ਸੰਧੂ (Capt. Sandeep Sandhu) ਨੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਲੈ ਕੇ ਕਿਹਾ ਕਿ ਪਾਰਟੀ ਨੇ ਜੋ ਸੂਚੀ ਜਾਰੀ ਕੀਤੀ ਹੈ ਉਨ੍ਹਾਂ ਵਿੱਚ ਜਿਨ੍ਹਾਂ ਵਿਧਾਇਕਾਂ ਦੇ ਨਾਂ ਸ਼ਾਮਿਲ ਕੀਤੇ ਗਏ ਹਨ ਉਹ ਚੋਣਾਂ ਤੱਕ ਰਹਿਣਗੇ ਜਾਂ ਨਹੀਂ ਇਹ ਵੀ ਇੱਕ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਸਾਡੀ ਮਰਜ਼ੀ ਨਾਲ ਨਹੀਂ ਸਗੋਂ ਆਪਣੀ ਮਰਜ਼ੀ ਦੇ ਨਾਲ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਹਨ ਉਹ ਵੀ ਮੁੱਖ ਮੰਤਰੀ ਚੰਨੀ ਦੀਆਂ ਨੀਤੀਆਂ ਨੂੰ ਵੇਖਦਿਆਂ ਹੋਇਆਂ।
ਇਹ ਵੀ ਪੜ੍ਹੋ:ਵਿਧਾਨ ਸਭਾ ਚੋਣਾਂ ਲਈ 'ਆਪ' ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ