ਪੰਜਾਬ ਵਿੱਚ 21 ਜੁਲਾਈ ਤੱਕ ਯੈਲੋ ਅਲਰਟ, 3 ਦਿਨ ਸੂਬੇ 'ਚ ਬਾਰਿਸ਼ ਦੀ ਸੰਭਾਵਨਾ ਲੁਧਿਆਣਾ :ਪੰਜਾਬ ਵਿੱਚ ਪਿਛਲੇ 2 ਦਿਨਾਂ ਤੋਂ ਮਾਨਸੂਨ ਮੁੜ ਸਰਗਰਮ ਹੋ ਗਿਆ ਹੈ, ਜਿਸ ਕਾਰਨ ਤਾਪਮਾਨ 'ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਸ਼ਹਿਰਾਂ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਪੰਜਾਬ ਦੇ ਸ਼ਹਿਰਾਂ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਆਮ ਨਾਲੋਂ 3.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।
ਆਈਐਮਡੀ ਵੱਲੋਂ ਆਉਣ ਵਾਲੇ 3 ਦਿਨ ਲਈ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਭਰ ਵਿੱਚ 21 ਜੁਲਾਈ ਤਕ ਕਿਤੇ ਕਿਤੇ ਹਲਕੇ ਅਤੇ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਪਾਰਾ 35 ਡਿਗਰੀ ਦੇ ਕਰੀਬ ਅਤੇ ਘੱਟੋ ਘਟ ਪਾਰਾ 29 ਡਿਗਰੀ ਦੇ ਕਰੀਬ ਚੱਲ ਰਿਹਾ ਹੈ। ਪੰਜਾਬ ਦੇ ਜ਼ਿਆਦਤਰ ਹਿੱਸਿਆਂ ਵਿੱਚ ਮੀਂਹ ਪੈਣ ਦਾ ਖਦਸ਼ਾ ਜਤਾਇਆ ਗਿਆ ਹੈ।
ਲੁਧਿਆਣਾ ਵਿੱਚ ਹੁਣ ਤਕ 192 ਐਮਐਮ ਬਰਸਾਤ ਦਰਜ :ਇਸ ਤੋਂ ਇਲਾਵਾ ਜੁਲਾਈ ਮਹੀਨੇ ਵਿੱਚ ਆਮ ਤੌਰ ਉਤੇ ਪੰਜਾਬ ਵਿੱਚ 220 ਮਿਲੀ ਮੀਟਰ ਤੱਕ ਬਾਰਿਸ਼ ਐਵਰੇਜ ਹੁੰਦੀ ਹੈ। ਇਕੱਲੇ ਲੁਧਿਆਣਾ ਵਿੱਚ ਹੁਣ ਤੱਕ 192 ਐਮਐਮ ਬਾਰਿਸ਼ ਹੋ ਚੁੱਕੀ ਹੈ। ਉਥੇ ਹੀ ਲੁਧਿਆਣਾ ਵਿੱਚ ਜੇਕਰ 2022 ਦੀ ਗੱਲ ਕੀਤੀ ਜਾਵੇ ਤਾਂ 320 ਐਮਐਮ ਦੇ ਕਰੀਬ ਬਾਰਿਸ਼ ਹੋਈ ਸੀ। ਕਿਸਾਨਾਂ ਨੂੰ ਸਬਜ਼ੀਆਂ ਵਿੱਚ ਜਿਆਦਾ ਪਾਣੀ ਨਾ ਖੜ੍ਹਾ ਕਰਨ ਦੀ ਹਿਦਾਇਤ ਹੈ, ਜਦੋਂ ਕੇ ਝੋਨੇ ਨੂੰ ਮੀਂਹ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਇਨ੍ਹਾਂ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ :ਆਉਂਦੇ ਦਿਨਾਂ ਵਿੱਚ ਵੀ ਪਾਰੇ ਵਿੱਚ ਜ਼ਿਆਦਾ ਤਬਦੀਲੀ ਵੇਖਣ ਨੂੰ ਨਹੀਂ ਮਿਲੇਗੀ, ਪਾਰਾ ਆਮ ਰਹੇਗਾ। ਮੌਸਮ ਵਿਭਾਗ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਬਾਰਿਸ਼ ਜ਼ਿਆਦਾ ਤੇਜ਼ ਨਹੀਂ ਹੋਵੇਗੀ, ਇਸ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਬਹੁਤਾ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਸਬਜ਼ੀਆਂ ਨੂੰ ਜ਼ਰੂਰ ਮੀਂਹ ਤੋਂ ਬਚਾਉਣ, ਹਾਲਾਂਕਿ ਬਾਰਿਸ਼ਾਂ ਦੇ ਦੌਰਾਨ ਲੋਕਾਂ ਨੂੰ ਗਰਮੀ ਤੋਂ ਕੁਝ ਨਿਜਾਤ ਜ਼ਰੂਰ ਮਿਲੇਗੀ। ਜ਼ਿਆਦਤਰ ਬਾਰਸ਼ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਅਜਨਾਲਾ, ਰੋਪੜ ਆਦਿ ਇਲਾਕਿਆਂ ਵਿੱਚ ਹੋਣ ਦਾ ਖਦਸ਼ਾ ਜਤਾਇਆ ਹੈ।