ਪੰਜਾਬ ਲਈ ਆਈ ਰਾਹਤ ਦੀ ਖ਼ਬਰ ! ਲੁਧਿਆਣਾ:ਬੀਤੇ ਤਿਨ-ਚਾਰ ਦਿਨਾਂ ਤੋਂ ਪੰਜਾਬ ਵਿੱਚ ਮੀਂਹ ਨੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣਾ ਦਿੱਤੇ ਹਨ। ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਵਿਚਾਲੇ ਮੌਸਮ ਵਿਭਾਗ ਵਲੋਂ ਕੁੱਝ ਰਾਹਤ ਦੀ ਖ਼ਬਰ ਆਈ ਹੈ। ਦੂਜੇ ਪਾਸੇ, ਸਤਲੁਜ ਦਰਿਆ ਵਿੱਚ ਪਾਣੀ ਵਧਣ ਕਾਰਨ ਹੜ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਸ ਕਾਰਨ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਵਿੱਚ ਚੱਲ ਰਹੀਆਂ ਰੰਗਾਈ ਅਤੇ ਪ੍ਰਿੰਟਿੰਗ ਕਲਸਟਰਾਂ ਨੂੰ ਆਰ ਤੇ ਬੰਦ ਕਰਨ ਦੇ ਹੁਕਮ ਨੂੰ ਜਾਰੀ ਕੀਤੇ ਹਨ।
ਇਸ ਦਾ ਕਾਰਨ ਸਤਲੁਜ ਵਿੱਚ ਪਾਣੀ ਭਰਿਆ ਹੋਣ ਕਰਕੇ ਭਟੀਆ ਵਿੱਚ ਲੱਗਿਆ ਐਸਟੀਪੀ ਉਲਟਾ ਵੱਗਣਾ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਉਹ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ, ਰਿਹਾਇਸ਼ੀ ਖੇਤਰਾਂ ਦੇ ਵਿੱਚ ਪਾਣੀ ਭਰਨ ਦਾ ਖ਼ਦਸ਼ਾ ਹੋਣ ਕਰਕੇ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਲੁਧਿਆਣਾ ਦੇ ਬਹਾਦਰ ਕੇ ਰੋਡ, ਤਾਜਪੁਰ ਰੋਡ, ਇੰਡਸਟਰੀਅਲ ਏਰੀਆ ਏ, ਮੋਤੀ ਨਗਰ, ਸਮਰਾਲਾ ਚੌਕ ਤੋਂ ਜਲੰਧਰ ਬਾਈਪਾਸ ਅਤੇ ਫੋਕਲ ਪੁਆਇੰਟ ਆਦਿ ਵਿੱਚ ਪ੍ਰਿੰਟਿੰਗ ਅਤੇ ਰੰਗਣ ਵਾਲੀ ਫੈਕਟਰੀ ਬੰਦ ਕਰ ਦਿੱਤੀਆਂ ਗਈਆਂ ਹਨ।
ਤਿੰਨ ਦਿਨ ਹਲਕਾ ਮੀਂਹ ਪਵੇਗਾ: ਪੰਜਾਬ ਦੇ ਵਿੱਚ ਅਗਲੇ ਤਿੰਨ ਦਿਨਾਂ ਤੱਕ ਹਲਕੇ ਮੀਂਹ ਦੀ ਸੰਭਾਵਨਾ ਹੈ। ਪੰਜਾਬ ਖੇਤੀਬਾੜੀ ਯੂਨਿਵਰਸਿਟੀ ਮੌਸਮ ਵਿਭਾਗ ਵੱਲੋਂ ਇਹ ਅੰਕੜੇ ਜਾਰੀ ਕੀਤੇ ਗਏ ਹਨ। ਆਈਐਮਡੀ ਵੱਲੋਂ ਕਿਹਾ ਗਿਆ ਹੈ ਕਿ ਮੈਦਾਨੀ ਇਲਾਕਿਆਂ ਵਿੱਚ ਮੀਂਹ ਤੋਂ ਕੁਝ ਰਾਹਤ ਮਿਲੇਗੀ। ਅਗਲੇ ਤਿੰਨ ਦਿਨ ਤੱਕ ਪੰਜਾਬ ਦੇ ਕੁੱਝ ਕੁ ਹਿੱਸਿਆਂ ਵਿੱਚ ਹੀ ਹਲਕਾ ਮੀਂਹ ਪਵੇਗਾ। ਜ਼ਿਆਦਾਤਰ ਇਲਾਕਿਆਂ ਵਿਚ ਮੌਸਮ ਸਾਫ ਰਹਿਣ ਦੀ ਉਮੀਦ ਹੈ। ਇਸ ਨਾਲ ਪਾਣੀ ਦਾ ਪੱਧਰ ਵੀ ਹੇਠਾਂ ਡਿੱਗੇਗਾ, ਜਿਨ੍ਹਾਂ ਇਲਾਕਿਆਂ ਵਿੱਚ ਹੜ੍ਹ ਜਿਹੇ ਹਾਲਾਤ ਪੈਦਾ ਹੋਏ ਹਨ, ਉੱਥੇ ਵੀ ਲੋਕਾਂ ਨੂੰ ਕੁੱਝ ਰਾਹਤ ਮਿਲੇਗੀ।
ਸਬਜ਼ੀਆਂ ਦਾ ਨੁਕਸਾਨ:ਪੰਜਾਬ ਦੇ ਵਿੱਚ ਲਗਾਤਾਰ ਪਏ ਮੀਂਹ ਕਰਕੇ ਸਬਜ਼ੀਆਂ ਦਾ ਵੱਡਾ ਨੁਕਸਾਨ ਹੋਇਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਲਈ ਤਾਂ ਬਾਰਿਸ਼ ਲਾਹੇਵੰਦ ਹੈ, ਪਰ ਸਬਜ਼ੀਆਂ ਲਈ ਇਹ ਮੀਂਹ ਨੁਕਸਾਨ ਦੇਹ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਭਰਿਆ ਹੈ। ਉਨ੍ਹਾਂ ਇਲਾਕਿਆਂ ਵਿੱਚ ਸਬਜ਼ੀਆਂ ਦਾ ਨੁਕਸਾਨ ਹੋਇਆ ਹੈ ਜਿਸ ਕਰਕੇ ਸਬਜ਼ੀ ਮਹਿੰਗੀ ਹੋ ਗਈ ਹੈ। ਮੌਸਮ ਵਿਭਾਗ ਦੀ ਮਾਹਿਰ ਨੇ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿੱਚ ਸਬਜ਼ੀਆਂ ਅੰਦਰ ਪਾਣੀ ਭਰਿਆ ਹੈ ਉਨ੍ਹਾਂ ਦੀ ਨਿਕਾਸੀ ਕੀਤੀ ਜਾਵੇ।
ਪੰਜਾਬ ਵਿੱਚ ਮੀਂਹ ਦਾ ਰਿਕਾਰਡ ਲੁਧਿਆਣਾ ਵਿੱਚ ਪਏ ਮੀਂਹ ਦਾ ਡਾਟਾ ਦੂਜੇ ਪਾਸੇ ਲੁਧਿਆਣਾ ਵਿੱਚ ਬੁੱਢਾ ਦਰਿਆ ਅਤੇ ਜਲੰਧਰ ਵਿੱਚ ਧੁੱਸੀ ਬੰਨ੍ਹ ਵਿੱਚ ਪਾੜ ਪੈਣ ਕਾਰਨ ਸਥਿਤੀ ਨਾਜ਼ੁਕ ਬਣੀ ਹੋਈ ਹੈ। ਹਰੀਕੇ ਪੱਤਣ ਤੋਂ ਵੀ ਪਾਣੀ ਛੱਡਿਆ ਗਿਆ ਹੈ। ਪੰਜਾਬ ਦੇ ਮਾਛੀਵਾੜਾ ਨੇੜਲੇ ਪਿੰਡ ਮਾਣੇਵਾਲ ਵਿੱਚ ਸੜਕ ਪਾਰ ਕਰਦੇ ਸਮੇਂ ਇੱਕ ਨੌਜਵਾਨ ਡਰੇਨ ਦੇ ਤੇਜ਼ ਕਰੰਟ ਦੀ ਲਪੇਟ ਵਿੱਚ ਆ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਪਾਣੀ ਦੇ ਵਹਾਅ ਨੂੰ ਦੇਖ ਕੇ ਅੱਗੇ ਵਧਿਆ ਤਾਂ ਉਸ ਦਾ ਪੈਰ ਤਿਲਕ ਗਿਆ। ਇਸ ਦੀ ਭਾਲ ਲਈ ਗੋਤਾਖੋਰਾਂ ਨੂੰ ਬੁਲਾਇਆ ਗਿਆ ਹੈ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ।