ਲੁਧਿਆਣਾ :ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਬੀਤੇ ਦਿਨੀਂ ਸੂਬੇ ਭਰ ਵਿੱਚ 48 ਅਜਿਹੇ ਨਾਇਬ ਤਹਿਸੀਲਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜੋ ਕਿ ਭਰਿਸ਼ਟਾਚਾਰ ਦੇ ਵਿੱਚ ਲਿਪਤ ਹਨ, ਜਿਸ ਨੂੰ ਲੈ ਕੇ ਪੰਜਾਬ ਦੇ ਤਹਿਸੀਲਦਾਰਾਂ ਵਿੱਚ ਹੜਕੰਪ ਮਚਿਆ ਹੋਇਆ ਹੈ। ਇਹ ਖ਼ਬਰ ਨਸ਼ਰ ਹੋਣ ਤੋਂ ਬਾਅਦ ਸਬੰਧਤ ਤਹਿਸੀਲਾਂ ਵਿੱਚ ਕੰਮਕਾਰ ਬੰਦ ਹੋ ਗਿਆ ਹੈ ਅਤੇ ਤਹਿਸੀਲਦਾਰ ਛੁੱਟੀ 'ਤੇ ਚਲੇ ਗਏ ਹਨ। ਤਹਿਸੀਲਦਾਰਾਂ ਦੇ ਛੁੱਟੀ 'ਤੇ ਜਾਣ ਕਰਕੇ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਤਹਿਸੀਲ ਦੇ ਵਿੱਚ ਰਜਿਸਟਰੀ ਕਰਵਾਉਣ ਅਤੇ ਹੋਰ ਕੰਮ-ਕਾਜ ਕਰਵਾਉਣ ਵਾਲੇ ਲੋਕਾਂ ਨੇ ਕਿਹਾ ਕਿ ਉਹ ਦੂਰ-ਦੁਰਾਡੇ ਤੋਂ ਆਏ ਹਨ ਪਰ ਇਥੇ ਕੰਮ ਨਹੀਂ ਹੋ ਰਿਹਾ।
Ludhiana News: ਵਿਜੀਲੈਂਸ ਨੇ ਜਾਰੀ ਕੀਤੀ ਭ੍ਰਿਸ਼ਟ ਤਹਿਸੀਲਾਂ ਦੀ ਸੂਚੀ,17 ਜ਼ਿਲ੍ਹਿਆਂ 'ਚ ਰੁਕਿਆ ਕੰਮ,ਖੱਜਲ ਹੋ ਰਹੇ ਲੋਕ - tehsildar
ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ 19 ਜ਼ਿਲ੍ਹਿਆਂ ਵਿੱਚ 48 ਦੇ ਕਰੀਬ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਵਸੀਕਾ ਨਵੀਸ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹਨ ਅਤੇ ਇਸ ਪੱਤਰ ਦੇ ਵਾਇਰਲ ਹੁੰਦੇ ਹੀ ਸੂਬੇ ਭਰ ਦੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਵਿੱਚ ਹੜਕੰਪ ਮੱਚ ਗਿਆ ਹੈ।
ਗਰਮੀ ਵਿੱਚ ਕੰਮਾਂ ਲਈ ਤਹਿਸੀਲਾਂ ਦੇ ਚੱਕਰ ਕੱਟ ਰਹੇ :ਇਸ ਲੜੀ ਵਿੱਚ ਲੁਧਿਆਣਾ ਦੀਆਂ ਤਹਿਸੀਲਾਂ ਦੇ ਵੀ ਨਾਂ ਸਾਹਮਣੇ ਆਏ ਹਨ। ਲੁਧਿਆਣਾ ਦੀ ਤਹਿਸੀਲ ਪੱਛਮੀ ਅਤੇ ਤਹਿਸੀਲ ਗਿੱਲ ਵਿੱਚ ਕੰਮ ਕਾਰ ਸਵੇਰ ਤੋਂ ਹੀ ਠੱਪ ਹੈ। ਕੰਮ ਕਾਰ ਕਰਵਾਉਣ ਆਏ ਲੋਕਾਂ ਨੇ ਆਪਣੀ ਭੜਾਸ ਸਰਕਾਰ 'ਤੇ ਕੱਢ ਰਹੇ ਹਨ। ਖੱਜਲ ਖੁਆਰ ਹੋ ਰਹੇ ਲੋਕਾਂ ਨੇ ਕਿਹਾ ਕਿ ਲੋਕਾਂ ਦੇ ਕੰਮ ਹੋਣੇ ਚਾਹੀਦੇ ਹਨ। ਅਸੀਂ ਗਰਮੀ ਵਿੱਚ ਕੰਮਾਂ ਲਈ ਤਹਿਸੀਲਾਂ ਦੇ ਚੱਕਰ ਕੱਟ ਰਹੇ ਹਾਂ, ਦੂਰ ਦੁਰਾਡੇ ਤੋਂ ਆਉਂਦੇ ਲੋਕ ਇਨ੍ਹਾਂ ਸਰਕਾਰੀ ਨੁਮਾਇੰਦਿਆਂ ਕਰਕੇ ਖੱਜਲ ਹੋ ਰਹੇ ਹਨ।
ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ: ਪਰ ਉਨ੍ਹਾਂ ਦੇ ਕੰਮ ਨਹੀਂ ਹੋ ਪਾ ਰਹੇ। ਉਨਾਂ ਨੂੰ ਖ਼ਾਲੀ ਹੱਥ ਮੁੜਨਾਂ ਪੈ ਰਿਹਾ ਹੈ। ਇਸ ਮੌਕੇ ਲੋਕਾਂ ਕਿਹਾ ਕਿ ਸਰਕਾਰ ਕੰਮ ਸ਼ੁਰੂ ਕਰਵਾਏ। ਇਸ ਦੌਰਾਨ ਲੁਧਿਆਣਾ ਦੀ ਪੱਛਮੀ ਤਹਿਸੀਲ ਵਿੱਚ ਸਾਡੀ ਟੀਮ ਵੱਲੋਂ ਜਾਇਜ਼ਾ ਲਿਆ ਗਿਆ ਤਾਂ ਕੰਮਕਾਰ ਪੂਰੀ ਤਰ੍ਹਾਂ ਠੱਪ ਸੀ ਅਤੇ ਕੋਈ ਵੀ ਅਫਸਰ ਆਪਣੀ ਸੀਟਾਂ 'ਤੇ ਮੌਜੂਦ ਨਹੀਂ ਸੀ। ਮੰਨਿਆ ਜਾ ਰਿਹਾ ਹੈ ਕਿ 19 ਮਈ ਨੂੰ ਵਿਜੀਲੈਂਸ ਵੱਲੋਂ ਇਹ ਸੂਚੀ ਗੁਪਤ ਢੰਗ ਦੇ ਨਾਲ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਸੌਂਪੀ ਗਈ ਹੈ। ਵਿਜੀਲੈਂਸ ਨੇ ਕਿਹਾ ਹੈ ਕਿ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਬਿਨਾਂ ਐਨ ਓ ਸੀ ਦੇ ਲੋਕਾਂ ਦੀਆਂ ਰਜਿਸਟਰੀਆਂ ਪੈਸੇ ਲੈ ਕੇ ਕਰਵਾਈਆਂ ਜਾ ਰਹੀਆਂ ਹਨ। ਤਹਿਸੀਲਦਾਰਾਂ ਦੇ ਨਾਲ ਕੰਮ ਕਰਨ ਵਾਲੇ ਫਰਜ਼ੀ ਏਜੰਟ ਦਾ ਨਾਮ ਇਹਨਾਂ ਵਿੱਚ ਸ਼ਾਮਿਲ ਹੈ ਜੋ ਅਣਮਿੱਥੇ ਸਮੇਂ ਲਈ ਛੁੱਟੀ 'ਤੇ ਚਲੇ ਗਏ ਹਨ।ਜਿਸ ਕਰਕੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਅਤੇ ਸਰਕਾਰ ਇਸ ਤੋਂ ਅਣਜਾਣ ਹੈ।