ਲੁਧਿਆਣਾ:ਪੰਜਾਬ ਦੇ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨਾਂ ਲਈ ਅਕਸਰ ਹੀ ਪਰਾਲੀ ਦਾ ਪ੍ਰਬੰਧ ਇੱਕ ਵੱਡੀ ਸਮੱਸਿਆ ਬਣਿਆ ਰਹਿੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਤਾਰ ਪਿਛਲੇ ਕਈ ਸਾਲਾਂ ਦੀ ਸੋਧ ਤੋਂ ਬਾਅਦ ਪਰਾਲੀ ਨੂੰ ਸਾਂਭਣ ਦੀਆਂ ਅਜਿਹੀਆਂ ਤਕਨੀਕਾਂ ਤਿਆਰ ਕੀਤੀਆਂ ਗਈਆਂ ਹਨ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਣ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ ਦੇ ਵਿੱਚ ਵੀ ਵਾਧਾ ਹੋਵੇਗਾ। ਪੀਏਯੂ ਵੱਲੋਂ ਤਿਆਰ ਕੀਤੀਆਂ ਗਈਆਂ ਇਹਨਾਂ ਤਕਨੀਕਾਂ ਵਿੱਚੋਂ ਮੁੱਖ ਤਕਨੀਕ ਪਰਾਲੀ ਦੇ ਨਾਲ ਬਣਾਏ ਜਾਣ ਵਾਲੇ ਬਾਲਣ ਵਜੋਂ ਵਰਤੋਂ 'ਚ ਲਿਆਉਣ ਵਾਲੀਆਂ ਇੱਟਾਂ, ਮਸ਼ਰੂਮ ਦੀ ਖੇਤੀ ਕਰਨ ਲਈ ਪਰਾਲੀ ਤੋਂ ਬਣਾਈ ਗਈ ਖਾਦ, ਬਾਗਬਾਨੀ ਦੇ ਲਈ ਬੂਟਿਆਂ ਨੂੰ ਸਿਹਤ ਮੰਦ ਬਣਾਉਣ ਲਈ ਗਰਾਊਂਡ 'ਚ ਵਿਛਾਈ ਗਈ ਪਰਾਲੀ ਅਤੇ ਹੋਮ ਸਾਇੰਸ ਵਿਭਾਗ ਵੱਲੋਂ ਪਰਾਲੀ ਦਾ ਇਸਤੇਮਾਲ ਕਰਕੇ ਵੱਖ-ਵੱਖ ਵਸਤੂਆਂ ਬਣਾਉਣ ਦੇ ਨਾਲ ਵੀ ਪਰਾਲੀ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ। (Stubble maintain)
ਪੀਏਯੂ ਦੀਆਂ ਖੋਜਾਂ: ਪੰਜਾਬ ਦੇ ਵਿੱਚ ਹਰ ਸਾਲ ਪਰਾਲੀ ਨੂੰ ਅੱਗ ਲਾਉਣ ਦੇ ਹਜ਼ਾਰਾਂ ਹੀ ਮਾਮਲੇ ਸਾਹਮਣੇ ਆਉਂਦੇ ਹਨ, ਜਿਸ ਨਾਲ ਨਾ ਸਿਰਫ ਵਾਤਾਵਰਨ ਦੇ ਵਿੱਚ ਪ੍ਰਦੂਸ਼ਣ ਫੈਲਦਾ ਹੈ, ਸਗੋਂ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਜ਼ਮੀਨ ਦੇ ਵਿੱਚ ਉਪਲਬਧ ਮਿੱਤਰ ਕੀੜੇ ਖਤਮ ਹੋ ਜਾਂਦੇ ਹਨ। ਪ੍ਰਸ਼ਾਸਨ ਵੱਲੋਂ ਸਖ਼ਤੀ ਵਰਤੀ ਜਾਂਦੀ ਹੈ, ਵਾਤਾਵਰਨ ਪ੍ਰਦੂਸ਼ਿਤ ਹੋਣ ਕਰਕੇ ਆਬੋ ਹਵਾ ਖਰਾਬ ਹੋ ਜਾਂਦੀ ਹੈ। ਏਅਰ ਕੁਆਲਿਟੀ ਇੰਡੈਕਸ ਬਹੁਤ ਉੱਪਰ ਚਲਾ ਜਾਂਦਾ ਹੈ, ਇਸ ਕਰਕੇ ਪਰਾਲੀ ਦੀ ਸੁਚੱਜੀ ਵਰਤੋਂ ਕਰਨੀ ਬੇਹਦ ਜਰੂਰੀ ਹੈ। ਹਾਲਾਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਹਿਲਾ ਹੈਪੀ ਸੀਡਰ ਫਿਰ ਸੁਪਰ ਸੀਡਰ ਅਤੇ ਹੁਣ ਮਲਚਰ ਮਸ਼ੀਨਾਂ ਕਿਸਾਨਾਂ ਨੂੰ ਪਰਾਲੀ ਦਾ ਨਬੇੜਾ ਖੇਤ ਵਿੱਚ ਹੀ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਇਹਨਾਂ ਤਕਨੀਕਾਂ 'ਤੇ ਕਿਸਾਨਾਂ ਨੂੰ ਪੈਸੇ ਖਰਚਣੇ ਪੈਂਦੇ ਹਨ ਜਾਂ ਫਿਰ ਸਰਕਾਰ ਵੱਲੋਂ ਇਹ ਕਿਰਾਏ 'ਤੇ ਮੁਹਈਆ ਕਰਵਾਈ ਜਾਂਦੀਆਂ ਹਨ। ਉਥੇ ਹੀ ਪੀਏਯੂ ਵੱਲੋਂ ਕੁਝ ਅਜਿਹੇ ਸਾਧਨ ਵੀ ਤਿਆਰ ਕੀਤੇ ਗਏ ਹਨ, ਜਿਸ ਨਾਲ ਨਾ ਸਿਰਫ ਕਿਸਾਨਾਂ ਦੀ ਆਮਦਨ ਵਧੇਗੀ ਸਗੋਂ ਪਰਾਲੀ ਦਾ ਵੀ ਨਬੇੜਾ ਹੋਵੇਗਾ।
ਕਿਵੇਂ ਕੰਮ ਕਰਦੀ ਤਕਨੀਕ: ਪਰਾਲੀ ਦੀ ਗੁੱਲੇ ਬਣਾਉਣ ਦੀ ਤਕਨੀਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਵਿਆਉਣ ਯੋਗ ਊਰਜਾ ਇੰਜੀਨੀਅਰਿੰਗ ਵਿਭਾਗ ਵੱਲੋਂ ਪਿਛਲੇ ਤਿੰਨ ਸਾਲ ਤੋਂ ਇਸ ਉੱਤੇ ਰਿਸਰਚ ਕੀਤੀ ਜਾ ਰਹੀ ਸੀ ਅਤੇ ਹੁਣ ਇਸ ਵਾਰ ਇਸ ਦੀ ਕਾਮਯਾਬੀ ਤੋਂ ਪੀਏਯੂ ਦੀ ਮੁੱਖ ਕਮੇਟੀ ਨੂੰ ਇਸ ਦੀ ਸਿਫਾਰਿਸ਼ ਕਰ ਦਿੱਤੀ ਗਈ ਹੈ ਤਾਂ ਜੋ ਇਹ ਕਿਸਾਨਾਂ ਲਈ ਅੱਗੇ ਸਿਫਾਰਿਸ਼ ਕੀਤੀ ਜਾ ਸਕੇ। ਵਿਭਾਗ ਦੇ ਮੁਖੀ ਡਾਕਟਰ ਰਾਜਨ ਅੱਗਰਵਾਲ, ਡਾਕਟਰ ਰਿਤੂ ਡੋਗਰਾ ਅਤੇ ਡਾਕਟਰ ਮਨਪ੍ਰੀਤ ਸਿੰਘ ਇਸ 'ਤੇ ਕੰਮ ਕਰ ਰਹੇ ਹਨ। ਜਿਨਾਂ ਨੇ ਦੱਸਿਆ ਕਿ ਪਰਾਲੀ ਦੇ ਗੁੱਲੇ ਬਣਾਉਣ ਲਈ ਚਾਰ ਤਕਨੀਕਾਂ ਦੀ ਵਰਤੋਂ ਕੀਤੀ ਗਈ ਜਾਂ ਇਸ ਨੂੰ ਚਾਰ ਪੜਾਅ ਦੇ ਰੂਪ ਵਿੱਚ ਵੀ ਵੇਖਿਆ ਜਾ ਸਕਦਾ ਹੈ। ਪਹਿਲੇ ਪੜਾਅ ਦੇ ਤਹਿਤ ਪਰਾਲੀ ਨੂੰ ਕੁਤਰਿਆ ਜਾਂਦਾ ਹੈ, ਉਸ ਤੋਂ ਬਾਅਦ ਉਸ ਨੂੰ ਸੁਖਾਇਆ ਜਾਂਦਾ ਹੈ, ਜਿਸ ਵਿੱਚ ਗ੍ਰਾਇੰਡਰ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਤੋਂ ਬਾਅਦ ਉਸ ਨੂੰ ਹੋਰ ਚੋਪ ਕੀਤਾ ਜਾਂਦਾ ਹੈ। ਫਿਰ ਉਸ ਨੂੰ ਗੁਲੇ ਬਣਾਉਣ ਦੇ ਲਈ ਮਸ਼ੀਨ ਦੇ ਵਿੱਚ ਪਾਇਆ ਜਾਂਦਾ ਹੈ। ਮਾਹਿਰਾਂ ਨੇ ਦੱਸਿਆ ਕਿ ਇਸ ਵਿੱਚ 100 ਫੀਸਦੀ ਪਰਾਲੀ ਦੀ ਹੀ ਵਰਤੋਂ ਹੁੰਦੀ ਹੈ ਅਤੇ ਇਸ ਪ੍ਰੋਸੈਸ ਦੇ ਰਾਹੀਂ ਪਰਾਲੀ ਨੂੰ ਬਾਲਣ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਇਸ ਦੇ ਅੱਗ ਲਾਉਣ ਦੇ ਨਾਲ ਪ੍ਰਦੂਸ਼ਣ ਵੀ ਨਹੀਂ ਫੈਲਦਾ। ਇਹ ਬਾਲਣ ਲੱਗਭਗ ਤਿੰਨ ਰੁਪਏ ਕਿਲੋ ਪੈਂਦਾ ਹੈ ਅਤੇ ਕਿਸਾਨ ਉਸ ਨੂੰ ਅੱਗੇ ਕਿਸੇ ਵੀ ਕੀਮਤ 'ਤੇ ਵੇਚ ਸਕਦੇ ਹਨ ਕਿਉਂਕਿ ਆਮ ਬਾਲਣ 8 ਤੋ 10 ਰੁਪਏ ਕਿਲੋ ਬਾਜ਼ਾਰ ਦੇ ਵਿੱਚ ਵਿਕਦਾ ਹੈ, ਇਹ ਬਾਲਣ ਇਸ ਦਾ ਚੰਗਾ ਬਦਲ ਹੋ ਸਕਦਾ ਹੈ।