ਲੁਧਿਆਣਾ: ਲੁਧਿਆਣਾ ਸ਼ਹਿਰ ਦੇ ਇੱਕ ਮਸ਼ਹੂਰ ਡਾਕਟਰ ਦੇ ਘਰ ਹੋਈ 3.5 ਕਰੋੜ ਦੀ ਚੋਰੀ ਦਾ ਕੇਸ ਪੁਲਿਸ ਨੇ ਸੁਲਝਾ ਲਿਆ ਹੈ। ਕੇਸ ਨੂੰ ਹੱਲ ਕਰਦਿਆਂ ਪੁਲਿਸ ਨੇ 4 ਮੁਲਜ਼ਮਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਚੋਰੀ ਦੀ ਇਹ ਵੱਡੀ ਵਾਰਦਾਤ 5 ਦਿਨ ਪਹਿਲਾਂ ਪੱਖੋਵਾਲ ਰੋਡ 'ਤੇ ਹੋਈ ਸੀ। ਚੋਰ ਡਾਕਟਰ ਦੇ ਘਰੋਂ ਸੋਨਾ ਅਤੇ ਨਕਦੀ ਲੈ ਗਏ ਸਨ। ਇਸ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਦੁੱਗਰੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਸੀਸੀਟੀਵੀ ਫੁਟੇਜ ਦੇ ਆਧਾਰ ਮੁਲਜ਼ਮਾ ਨੂੰ ਕੀਤਾ ਗ੍ਰਿਫਤਾਰ:ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਤਕਨੀਕੀ ਜਾਂਚ ਤੋਂ ਬਾਅਦ ਮੁਲਜ਼ਮਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਅਨੁਸਾਰ ਇਹ ਚੋਰੀ ਕਰੋੜਾਂ ਦੀ ਸੀ ਪਰ ਪੀੜਤ ਡਾਕਟਰ ਨੇ ਪੁਲਿਸ ਨੂੰ ਚੋਰੀ ਦੇ ਸਾਮਾਨ ਦੀ ਕੀਮਤ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ।
ਡੀਜੀਪੀ ਪੰਜਾਬ ਨੇ ਟਵੀਟ ਕਰਕੇ ਦਿੱਤੀ ਵਧਾਈ:ਇਸ ਮਾਮਲੇ ਵਿੱਚ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਕੇ ਲੁਧਿਆਣਾ ਪੁਲਿਸ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਨੇ ਪੇਸ਼ੇਵਰ ਅਤੇ ਵਿਗਿਆਨਕ ਤਰੀਕੇ ਨਾਲ ਰਿਕਾਰਡ 5 ਦਿਨਾਂ ਦੇ ਅੰਦਰ 3.5 ਕਰੋੜ ਦੀ ਚੋਰੀ ਦੇ ਇਸ ਕੇਸ ਨੂੰ ਹੱਲ ਕਰ ਲਿਆ ਹੈ।
ਪੁਲਿਸ ਨੇ ਪਹਿਲਾ ਵੀ ਰਿਕਾਰਡ ਸਮੇ 'ਚ ਹੱਲ ਕੀਤਾ ਕੇਸ: ਇਸ ਤੋਂ ਪਹਿਲਾ ਵੀ ਲੁਧਿਆਣਾ ਪੁਲਿਸ ਨੇ ਦੋਹਰੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਰਿਕਾਰਡ 18 ਘੰਟਿਆਂ ਵਿੱਚ ਸੁਲਝਾਇਆ। ਇਸ ਮਾਮਲੇ ਵਿੱਚ ਦੋਸਤਾਂ ਵੱਲੋਂ ਹੀ ਦੋ ਦੋਸਤਾਂ ਦਾ ਕਤਲ ਕੀਤਾ ਗਿਆ ਸੀ, ਜਿਨ੍ਹਾਂ ਬਾਰੇ ਪਰਿਵਾਰਕ ਮੈਂਬਰ ਵੱਲੋਂ ਗੁੰਮ ਹੋਣਾ ਦੀ ਰਿਪੋਰਟ ਲਿਖਵਾਈ ਗਈ ਸੀ। ਲੁਧਿਆਣਾ ਪੁਲਿਸ ਨੇ ਮੁਸਤੈਦੀ ਵਰਤਦੇ ਹੋਏ 18 ਘੰਟਿਆਂ ਵਿੱਚ ਇਸ ਮਾਮਲੇ ਨੂੰ ਸੁਲਝਾਇਆ ਲਿਆ।
ਕੀ ਸੀ ਮਾਮਲਾ: ਇਸ ਮਾਮਲੇ ਵਿੱਚ ਮ੍ਰਿਤਕਾਂ ਵਿੱਚੋਂ ਇੱਕ ਨੌਜਵਾਨ ਦੀ ਮੰਗਣੀ ਜਿਸ ਲੜਕੀ ਨਾਲ ਹੋਈ ਸੀ, ਮੁਲਜ਼ਮਾਂ ਵਿੱਚੋਂ ਇੱਕ ਨੌਜਵਾਨ ਦੀ ਉਸ ਲੜਕੀ ਨਾਲ ਮਿੱਤਰਤਾ ਸੀ। ਰੰਜਿਸ਼ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮ੍ਰਿਤਕ ਆਪਣੇ ਦੋਸਤ ਨਾਲ ਮੁਲਜ਼ਮਾਂ ਨੂੰ ਸਮਝਾਉਣ ਗਿਆ ਸੀ, ਜਿੱਥੇ ਉਨ੍ਹਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਦੋਵਾਂ ਦੋਸਤਾਂ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਹੀ ਮੁਲਜ਼ਮ ਪਰਵਾਸੀ ਹਨ, ਜੇਕਰ ਉਹ ਫਰਾਰ ਹੋ ਜਾਂਦੇ ਤਾਂ ਲੱਭਣ ਵਿੱਚ ਮੁਸ਼ਕਲ ਆਉਣੀ ਸੀ, ਪਰ ਪੁਲਿਸ ਨੇ ਰਿਕਾਰਡ 18 ਘੰਟਿਆਂ ਵਿੱਚ ਹੀ ਇਸ ਮਸਲੇ ਨੂੰ ਸੁਲਝਾ ਲਿਆ।