ਜਗਰਾਉਂ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਗਾਤਾਰ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੇ ਹਲਕਿਆਂ ਵਿੱਚ ਉਮੀਦਵਾਰਾਂ ਲਈ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਅਕਾਲੀ ਦਲ ਨੇ ਲੁਧਿਆਣਾ ਤੋਂ ਕੋਈ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰ ਜਗਰਾਉਂ ਦੇ ਵਿੱਚ ਸੁਖਬੀਰ ਬਾਦਲ ਨੇ ਇੱਕ ਰੈਲੀ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਜੰਮ ਕੇ ਸਟੇਜ ਤੋਂ ਕਾਂਗਰਸ 'ਤੇ ਨਿਸ਼ਾਨੇ ਲਾਏ ਅਤੇ ਕਿਹਾ ਕਿ ਕਾਂਗਰਸ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਰ ਕੇ ਲੋਕ ਉਨ੍ਹਾਂ ਤੋਂ ਦੁਖੀ ਹਨ।
ਕੈਪਟਨ ਤੋਂ ਬਦਲਾ ਲਵੇਗੀ ਪੰਜਾਬ ਦੀ ਜਨਤਾ : ਸੁਖਬੀਰ ਬਾਦਲ
ਜਗਰਾਉਂ ਵਿਖੇ ਚੋਣ ਰੈਲੀ ਨੂੰ ਸੰਬੋਧਨ ਨੂੰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਕੋਈ ਵੀ ਵਧੀਆ ਕੰਮ ਨਹੀਂ ਕੀਤਾ, ਬਲਕਿ ਪਿਛਲੀ ਸਰਕਾਰ ਦੁਆਰਾ ਲਾਗੂ ਸਾਰੀਆਂ ਸਕੀਮਾਂ ਨੂੰ ਬੰਦ ਕਰ ਦਿੱਤਾ ਹੈ। ਪੰਜਾਬ ਦੀ ਜਨਤਾ ਇਸ ਦਾ ਕੈਪਟਨ ਸਰਕਾਰ ਤੋਂ ਬਦਲਾ ਜਰੂਰ ਲਵੇਗਾ।
ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਨੇ ਗੁੱਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ 4 ਮਹੀਨਿਆਂ ਵਿੱਚ ਹੀ ਨਸ਼ੇ ਨੂੰ ਖ਼ਤਮ ਕਰ ਦਿੱਤਾ ਜਾਵੇਗਾ, ਹਰ ਘਰ ਨੌਕਰੀ ਹੋਵੇਗੀ ਆਦਿ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ, ਇੰਨ੍ਹਾਂ ਝੂਠੇ ਵਾਅਦਿਆਂ ਦਾ ਪੰਜਾਬ ਦੀ ਜਨਤਾ ਕੈਪਟਨ ਤੋਂ ਬਦਲਾ ਲਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਬਲਜਿੰਦਰ ਕੌਰ ਨੂੰ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਤੋਂ ਉਮੀਦਵਾਰ ਉਤਾਰੇ ਜਾਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ, ਨਾਲ ਹੀ ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਅਕਾਲੀ ਦਲ ਵਿੱਚ ਕੋਈ ਵੀ ਗੁੱਟਬਾਜ਼ੀ ਨਹੀਂ ਹੈ। ਉੱਧਰ ਐੱਸਆਈਟੀ ਦੇ ਮੁਖੀ ਕੁੰਵਰ ਵਿਜੈ ਪ੍ਰਤਾਪ ਦਾ ਤਬਾਦਲਾ ਕਰਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕੋਈ ਵੀ ਤਾਕਤ ਨਹੀਂ ਦਿਖਾਈ ਹੈ। ਉਨ੍ਹਾਂ ਉਲਟਾ ਕਾਂਗਰਸ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਕਾਂਗਰਸ ਨੇ ਇਸ ਮੁੱਦੇ 'ਤੇ ਮਿਰਚਾਂ ਕਿਉਂ ਲੱਗ ਰਹੀਆਂ ਹਨ।