ਲੁਧਿਆਣਾ: ਪੰਜਾਬ ਸਰਕਾਰ ਨੇ ਹਰਿਆਣਾ ਅਤੇ ਹਿਮਾਚਲ ਵਿੱਚ ਅੰਤਰਰਾਜੀ ਬੱਸਾਂ ਚਲਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਰੋਡਵੇਜ਼ ਬੱਸਾਂ ਦੀ ਬੁੱਧਵਾਰ ਤੋਂ ਸ਼ੁਰੂਆਤ ਦੇ ਪਹਿਲੇ ਦਿਨ ਹਰਿਆਣਾ ਅਤੇ ਦੂਜੇ ਦਿਨ ਤੋਂ ਹਿਮਾਚਲ ਲਈ ਬੱਸਾਂ ਰਵਾਨਾ ਹੋਣਗੀਆਂ। ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਮੱਦੇਨਜ਼ਰ ਯਾਤਰੀਆਂ ਦੀ ਸਹੂਲਤ ਲਈ ਸਖ਼ਤ ਹਦਾਇਤਾਂ ਵੀ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਬੱਸ ਅੱਡਾ ਸੰਚਾਲਕਾਂ ਵੱਲੋਂ ਪਾਲਣਾ ਵੀ ਕੀਤੀ ਜਾ ਰਹੀ ਹੈ। ਮੌਕੇ 'ਤੇ ਪੁਲਿਸ ਟੀਮ ਵੀ ਸੁਰੱਖਿਆ ਲਈ ਤੈਨਾਤ ਹੈ।
ਈਟੀਵੀ ਭਾਰਤ ਨੇ ਲੁਧਿਆਣਾ ਬੱਸ ਅੱਡੇ ਦਾ ਦੌਰਾ ਕੀਤਾ ਅਤੇ ਵੇਖਿਆ ਕਿ ਕੋਰੋਨਾ ਹਦਾਇਤਾਂ ਦੀ ਬੱਸ ਸਟੈਂਡ 'ਤੇ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਸੀ। ਹਰ ਯਾਤਰੀ ਨੂੰ ਬੱਸ ਅੱਡੇ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਸੈਨੇਟਾਈਜ਼ ਕੀਤਾ ਜਾ ਰਿਹਾ ਸੀ ਅਤੇ ਮਾਸਕ ਪਹਿਨਣ ਵਾਲੇ ਯਾਤਰੀ ਨੂੰ ਹੀ ਦਾਖ਼ਲ ਹੋਣ ਦਿੱਤਾ ਗਿਆ।
ਇਸ ਮੌਕੇ ਬੱਸ ਅੱਡੇ ਦੇ ਸੁਪਰਵਾਈਜ਼ਰ ਮਦਨ ਲਾਲ ਨੇ ਟੀਮ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਬੱਸਾਂ ਚਲਾਉਣ ਲਈ ਚਿੱਠੀ ਆ ਗਈ ਹੈ। ਹਰਿਆਣਾ ਲਈ ਬੱਸਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਵੀਰਵਾਰ ਤੋਂ ਹਿਮਾਚਲ ਲਈ ਵੀ ਬੱਸਾਂ ਚਲਾਈਆਂ ਜਾਣਗੀਆਂ। ਬੱਸਾਂ ਪੂਰੀ ਸਮਰੱਥਾ ਨਾਲ ਚਲਾਈਆਂ ਜਾ ਰਹੀਆਂ ਹਨ। ਇਸਤੋਂ ਇਲਾਵਾ ਤਿੰਨ-ਚਾਰ ਦਿਨ ਪਹਿਲਾਂ ਤੋਂ ਹੀ ਦਿੱਲੀ ਅਤੇ ਰਾਜਸਥਾਨ ਲਈ ਬੱਸਾਂ ਚਲਾਈਆਂ ਜਾ ਰਹੀਆਂ ਹਨ।