ਲੁਧਿਆਣਾ: ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਪ੍ਰਸ਼ਾਸ਼ਨ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕਰਦਾ ਨਜ਼ਰ ਆਉਂਦਾ ਹੈ, ਪਰ ਬਾਵਜੂਦ ਇਸਦੇ ਸਰਕਾਰ ਨੂੰ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਦੀ ਲੋੜ ਪੈ ਰਹੀ ਹੈ। ਇਸ ਨੂੰ ਲੈਕੇ ਲੁਧਿਆਣਾ ਪੂਰਬੀ ਤੋਂ ਕਾਂਗਰਸੀ ਵਿਧਾਇਕ ਸੰਜੀਵ ਤਲਵਾੜ ਵਲੋਂ ਰਾਧਾ ਸੁਆਮੀ ਸਤਿਸੰਗ ਘਰ ਨੂੰ ਮਦਦ ਲਈ ਚਿੱਠੀ ਲਿਖੀ ਗਈ ਹੈ। ਇਸ ਚਿੱਠੀ 'ਚ ਵਿਧਾਇਕ ਵਲੋਂ ਡੇਰੇ 'ਚ ਕੋਰੋਨਾ ਮਰੀਜ਼ਾਂ ਲਈ ਬੈੱਡਾਂ ਦਾ ਇੰਤਜ਼ਾਮ ਕਰਨ ਦੀ ਗੱਲ ਕੀਤੀ ਹੈ।
ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਹੋਈ ਨਾਕਾਮ-ਅਕਾਲੀ ਦਲ
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਲੁਧਿਆਣਾ ਪੂਰਵੀ ਤੋਂ ਕਾਂਗਰਸੀ ਵਿਧਾਇਕ ਸੰਜੀਵ ਤਲਵਾੜ ਵਲੋਂ ਰਾਧਾ ਸੁਆਮੀ ਸਤਿਸੰਗ ਘਰ ਨੂੰ ਮਦਦ ਲਈ ਚਿੱਠੀ ਲਿਖੀ ਹੈ। ਜਿਸ ਨੂੰ ਲੈਕੇ ਅਕਾਲੀ ਦਲ ਨੇ ਤੰਜ ਕਸਦਿਆਂ ਸੂਬਾ ਸਰਕਾਰ ਨੂੰ ਕੋਰੋਨਾ ਦੇ ਹਾਲਾਤਾਂ 'ਚ ਪ੍ਰਬੰਧਾਂ ਨੂੰ ਲੈਕੇ ਨਾਕਾਮੀ ਦੱਸੀ ਹੈ।
ਵਿਧਾਇਕ ਵਲੋਂ ਲਿਖੀ ਇਸ ਚਿੱਠੀ ਨੂੰ ਲੈਕੇ ਅਕਾਲੀ ਦਲ ਵਲੋਂ ਕਾਂਗਰਸ 'ਤੇ ਨਿਸ਼ਾਨੇ ਸਾਧੇ ਗਏ ਹਨ। ਅਕਾਲੀ ਆਗੂ ਰਣਜੀਤ ਢਿੱਲੋਂ ਦਾ ਕਹਿਣਾ ਕਿ ਸਰਕਾਰ ਵਲੋਂ ਕੋਰੋਨਾ ਨੂੰ ਲੈਕੇ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦਾ ਕਹਿਣਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਪੱਧਰ 'ਤੇ ਹਲਾਤਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਸਰਕਾਰ ਵਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਕਾਂਗਰਸ ਵਲੋਂ ਸਤਿਸੰਗ ਘਰ ਨੂੰ ਲਿਖੀ ਚਿਠੀ ਤੋਂ ਸਰਕਾਰ ਦੀ ਨਾਕਾਮੀ ਸਾਹਮਣੇ ਆਉਂਦੀ ਹੈ। ਉਨ੍ਹਾਂ ਦਾ ਕਹਿਣਾ ਕਿ ਅਕਾਲੀ ਦਲ ਦੀ ਸਰਕਾਰ ਮੌਕੇ ਹਸਪਤਾਲਾਂ ਦਾ ਨਿਰਮਾਣ ਕੀਤਾ ਗਿਆ ਸੀ, ਜਿਨ੍ਹਾਂ 'ਚ ਅਕਾਲੀ ਸਰਕਾਰ ਵਲੋਂ ਇੱਕ ਹਸਪਤਾਲ ਤਾਂ ਚਾਲੂ ਕਰ ਦਿੱਤਾ ਗਿਆ ਸੀ, ਪਰ ਬਾਕੀ ਰਹਿੰਦੇ ਹਸਪਤਾਲਾਂ ਨੂੰ ਕਾਂਗਰਸ ਸਰਕਾਰ ਵਲੋਂ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਚਾਲੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਤੋਂ ਉਮੀਦ ਨਾ ਰੱਖ ਕੇ ਖੁਦ ਹੀ ਆਪਣੀ ਸੁਰੱਖਿਆ ਕਰਨੀ ਪਵੇਗੀ।
ਇਹ ਵੀ ਪੜ੍ਹੋ:ਅੰਮ੍ਰਿਤਸਰ ‘ਚ ਅੱਜ ਕੋਰੋਨਾ ਨੇ ਲਈ 18 ਦੀ ਜਾਨ, 932 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ