ਲੁਧਿਆਣਾ :ਪੰਜਾਬ ਸਰਕਾਰ ਵੱਲੋਂ ਨਵੀਂ ਸਨਅਤੀ ਨੀਤੀ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿੱਚ ਨਵੇਂ ਅਤੇ ਪੁਰਾਣੇ ਨਿਵੇਸ਼ਕਾਂ ਲਈ ਵੱਡੀ ਰਾਹਤ ਦਿੱਤੀ ਗਈ ਹੈ। ਇਸ ਨੀਤੀ ਦੇ ਤਹਿਤ ਨਿੱਜੀ ਉਦਯੋਗਿਕ ਪਾਰਕਾਂ ਦੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਘੱਟੋ-ਘੱਟ 25 ਏਕੜ (ਆਈਟੀ ਲਈ 10 ਏਕੜ) ਦੇ ਅੰਦਰ ਸਥਾਪਤ ਕੀਤੇ ਗਏ ਉਦਯੋਗਿਕ ਪਾਰਕ ਨੂੰ ਉਦਯੋਗਿਕ ਅਤੇ ਈਡਬਲਿਊਐਸ ਰਿਹਾਇਸ਼ੀ ਹਿੱਸੇ 'ਤੇ ਸੀਐਲਯੂ/ਈਡੀਸੀ ਦੀ 100 ਫੀਸਦੀ ਛੋਟ ਦਿੱਤੀ ਜਾਵੇਗੀ। ਐਸਪੀਵੀ ਵੱਲੋਂ ਸਥਾਪਤ ਨਿੱਜੀ ਉਦਯੋਗਿਕ ਪਾਰਕ ਨੂੰ 25 ਫੀਸਦੀ ਜਾਂ ਵੱਧ ਤੋਂ ਵੱਧ 25 ਕਰੋੜ ਰੁਪਏ ਦੀ ਪੂੰਜੀ ਸਬਸਿਡੀ ਦੀ ਵਾਧੂ ਰਿਆਇਤ ਪ੍ਰਦਾਨ ਕੀਤੀ ਜਾਵੇਗੀ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ (ਐਚਯੂਡੀ) ਦੁਆਰਾ ਬਿਲਡਿੰਗ ਉਪ-ਨਿਯਮਾਂ ਵਿੱਚ ਢਿੱਲ ਦਿੱਤੀ ਜਾਵੇਗੀ। ਮੋਹਾਲੀ ਦੇ ਸੈਕਟਰ 102 ਵਿੱਚ ਲੌਜਿਸਟਿਕ ਪਾਰਕ ਵਿਕਸਤ ਕੀਤਾ ਜਾਵੇਗਾ ਅਤੇ ਉਦਯੋਗਿਕ ਜ਼ੋਨ ਵਿਚ ਬਾਹਰੀ ਵਿਕਾਸ ਖਰਚਿਆਂ ਦਾ 50 ਫੀਸਦੀ ਉਦਯੋਗਿਕ ਬੁਨਿਆਦੀ ਢਾਂਚੇ ਦੇ ਸੁਧਾਰ 'ਤੇ ਖਰਚ ਕੀਤਾ ਜਾਵੇਗਾ।
ਜਿੰਨੀਆਂ ਰਿਆਇਤਾਂ ਮਿਲਣੀਆਂ ਚਾਹੀਦਆਂ ਸੀ ਓਨੀਆਂ ਮਿਲੀਆਂ ਨਹੀਂ :ਲੁਧਿਆਣਾ ਸਾਈਕਲ ਇੰਡਸਟਰੀ ਨਾਲ ਜੁੜੇ ਕਾਰੋਬਾਰੀ ਗੁਰਮੀਤ ਸਿੰਘ ਕੁਲਾਰ ਨੇ ਦੱਸਿਆ ਕਿ ਇਹ ਨੀਤੀ ਨਵੇਂ ਨਿਵੇਸ਼ਕਾਂ ਦੇ ਲਈ ਹੈ। ਪੁਰਾਣੇ ਨਿਵੇਸ਼ਕਾਂ ਨੂੰ ਰਿਆਇਤਾਂ ਦਿੱਤੀਆਂ ਗਈਆਂ ਹਨ ਪਰ ਸਰਕਾਰ ਵੱਲੋਂ ਜਿੰਨੀਆਂ ਰਿਆਇਤਾਂ ਦੇਣੀਆਂ ਚਾਹੀਦੀਆਂ ਸਨ ਓਨੀਆਂ ਰਿਆਇਤਾਂ ਦਿੱਤੀਆਂ ਨਹੀਂ ਗਈਆਂ । ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਪੁਰਾਣੇ ਕਾਰੋਬਾਰੀ ਜੋ ਜੀਐੱਸਟੀ ਵੀ ਦੇ ਰਹੇ ਹਨ ਟੈਕਸ ਵੀ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਬਿਜਲੀ ਦੀਆਂ ਦਰਾਂ ਵੀ ਮਹਿੰਗੀਆਂ ਪੈ ਰਹੀਆਂ ਹਨਸ ਉਨ੍ਹਾਂ ਲਈ ਸਰਕਾਰ ਨੂੰ ਕੁਝ ਕੁ ਰਾਹਤ ਤਾਂ ਦਿੱਤੀ ਗਈ ਹੈ ਪਰ ਉਸ ਵਿੱਚ ਸ਼ਰਤਾਂ ਵਧੇਰੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੁਰਾਣੀ ਇੰਡਸਟਰੀ ਬਾਰੇ ਵੀ ਸੋਚਣਾ ਚਾਹੀਦਾ ਸੀ।