ਲੁਧਿਆਣਾ: ਨਿੱਜੀ ਟੀਵੀ ਚੈਨਲ 'ਤੇ ਪ੍ਰਸਾਰਿਤ ਕੀਤੇ ਜਾ ਰਹੇ ਸੀਰੀਅਲ 'ਰਾਮ-ਸੀਆ ਕੇ ਲਵ ਕੁਸ਼' ਵਿੱਚ ਭਗਵਾਨ ਵਾਲਮੀਕਿ ਮਹਾਰਾਜ ਦੀ ਜੀਵਨੀ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਵਿਰੋਧ ਵਿੱਚ ਸ਼ਨਿਵਾਰ ਨੂੰ ਪੰਜਾਬ ਭਰ 'ਚ ਵਾਲਮੀਕਿ ਭਾਈਚਾਰੇ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦਾ ਅਸਰ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਮੋਗਾ, ਫ਼ਿਰੋਜ਼ਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।
ਵਾਲਮੀਕਿ ਭਾਈਚਾਰੇ ਦੇ ਲੋਕ ਚੈਨਲ ਖ਼ਿਲਾਫ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਵਾਲਮੀਕਿ ਭਾਈਚਾਰੇ ਵੱਲੋਂ ਅਮ੍ਰਿਤਸਰ ਦੇ ਜੰਡਿਆਲਾ ਰੋਡ ਟੋਲ ਪਲਾਜ਼ਾ 'ਤੇ ਰੋਡ ਜਾਮ ਕੀਤਾ ਗਿਆ। ਭਾਈਚਾਰੇ ਦੇ ਲੋਕਾਂ ਨੇ ਵੱਲਾ ਰੇਲਵੇ ਫਾਟਕ 'ਤੇ ਸ਼ਤਾਬਦੀ ਟਰੇਨ ਨੂੰ 40 ਮਿੰਟ ਤੱਕ ਰੋਕੇ ਰੱਖਿਆ। ਇਸ ਮੌਕੇ 'ਤੇ ਉਨ੍ਹਾਂ ਵੱਲੋਂ ਪੁਲਿਸ ਅਧਿਕਾਰੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਭਾਈਚਾਰੇ ਨੇ ਮੰਗ ਕੀਤੀ ਕਿ ਇਸ ਸੀਰੀਅਲ ਨੂੰ ਬੰਦ ਕੀਤਾ ਜਾਵੇ ਤੇ ਦੂਜਾ ਇਸ ਦੇ ਨਿਰਦੇਸ਼ਕ ਤੇ ਨਿਰਮਾਤਾ, ਲੇਖਕ ਨੂੰ ਗ੍ਰਿਫ਼ਤਾਰ ਕੀਤਾ ਜਾਵੇ।