ਲੁਧਿਆਣਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸੂਬੇ ਵਿੱਚ ਚੋਣ ਅਖਾੜਾ ਭਖ ਚੁੱਕਿਆ ਹੈ। ਭਾਜਪਾ ਵੱਲੋਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪੰਜਾਬ ਚੋਣਾਂ ਦੇ ਚੱਲਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਲੁਧਿਆਣਾ ਪਹੁੰਚੇ। ਇਸ ਦੌਰਾਨ ਉਨ੍ਹਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਜੋ ਸਰਕਾਰ ਰਹੀ ਹੈ ਉਸ ਨੇ ਲੈਂਡ ਮਾਫੀਆ, ਮਾਈਨਿੰਗ ਮਾਫੀਆ ਨੂੰ ਵਧਾਵਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਹੀ ਸਰਕਾਰ ਚਲਾਉਣ ਦੇ ਕਾਬਲ ਨਹੀਂ ਤੇ ਇਸ ਕਰਕੇ ਪੰਜਾਬ ਵਿੱਚ ਡਬਲ ਇੰਜਣ ਵਾਲੀ ਸਰਕਾਰ ਚਾਹੀਦੀ ਹੈ। ਪੁਰੀ ਨੇ ਕਿਹਾ ਕਿ ਸਿਰਫ ਭਾਜਪਾ ਦੇ ਵਿੱਚ ਹੀ ਅਜਿਹੀ ਕਾਬਲੀਅਤ ਹੈ ਕਿ ਉਹ ਪੰਜਾਬ ਵਿੱਚ ਸਰਕਾਰ ਸਹੀ ਢੰਗ ਨਾਲ ਚਲਾ ਸਕੇ।
ਹਰਦੀਪ ਪੁਰੀ ਦਾ ਚੰਨੀ-ਸਿੱਧੂ ’ਤੇ ਤਿੱਖਾ ਹਮਲਾ ਇਸ ਦੌਰਾਨ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਕੇਂਦਰੀ ਸੁਰੱਖਿਆ ਦੇ ਮਾਮਲੇ ’ਤੇ ਕੋਈ ਸਟੈਂਡ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਸਿਰ ’ਤੇ ਲੱਖਾਂ ਕਰੋੜਾਂ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਪਹਿਲਾਂ ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਰਿਹਾ ਹੈ ਜੋ ਉਨ੍ਹਾਂ ਨੂੰ ਬਹੁਤ ਮਹਿੰਗਾ ਪਿਆ।
ਈਡੀ ਦੀ ਰੇਡ ਨੂੰ ਲੈ ਕੇ ਹਰਦੀਪ ਪੁਰੀ ਨੇ ਕਿਹਾ ਕਿ ਚਰਨਜੀਤ ਚੰਨੀ ਦੇ ਵਿਧਾਨ ਸਭਾ ਹਲਕੇ ਵਿੱਚ ਕੋਈ ਮਾਈਨਿੰਗ ਦਾ ਪੁਰਾਣਾ ਮਾਮਲਾ ਸੀ ਜਿਸ ਦੇ ਵਿੱਚ ਇਹ ਕਾਰਵਾਈ ਹੋਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪੰਜਾਬ ਦੇ ਵਿਚ ਚੰਗਾ ਸਮਰਥਨ ਮਿਲ ਰਿਹਾ ਹੈ ਅਤੇ ਲੁਧਿਆਣਾ ਵਿੱਚ ਵੀ ਉਨ੍ਹਾਂ ਦੇ ਉਮੀਦਵਾਰਾਂ ਨੂੰ ਚੰਗਾ ਸਹਿਯੋਗ ਮਿਲ ਰਿਹਾ ਹੈ।
ਇਹ ਵੀ ਪੜ੍ਹੋ:ਕੀ ਅੱਧੀ-ਅੱਧੀ ਪਾਰੀ ਖੇਡ ਸਕਦੇ ਹਨ ਸਿੱਧੂ-ਚੰਨੀ?