ਲੁਧਿਆਣਾ: ਬੀਤੇ ਦਿਨੀਂ ਲੁਧਿਆਣਾ ’ਚ ਵਪਾਰੀਆਂ ਵੱਲੋਂ ਬਣਾਏ ਗਏ ਫਰੰਟ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੱਦਾ ਦਿੱਤਾ ਗਿਆ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ (Balbir Singh Rajewal), ਬੌਲੀਵੁੱਡ ਅਦਾਕਾਰ ਮੰਗਲ ਢਿੱਲੋਂ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਸਬੀਰ ਸਿੰਘ ਰੋਡੇ ਅਤੇ ਇਸ ਤੋਂ ਇਲਾਵਾ ਪੰਜਾਬੀ ਗਾਇਕ ਜੱਸ ਬਾਜਵਾ ਸਣੇ ਕਈ ਸ਼ਖਸੀਅਤਾਂ ਪਹੁੰਚੀਆਂ ਜਿੰਨ੍ਹਾਂ ਵੱਲੋਂ ਸੰਬੋਧਿਤ ਕਰਦਿਆਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਚਰਚਾ ਕੀਤੀ ਗਈ।
ਹਾਲਾਂਕਿ ਇਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਵਪਾਰੀਆਂ ਨੂੰ ਕਿਸੇ ਵੀ ਸਮਰਥਨ ਦੇਣ ਸਬੰਧੀ ਸਪੱਸ਼ਟ ਨਹੀਂ ਕੀਤਾ ਪਰ ਇਸੇ ਦੌਰਾਨ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਜੋ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹਨ ਉਹ ਬੇਹੱਦ ਮੰਦਭਾਗੀਆਂ ਹਨ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਕਿਸਾਨ ਜਥੇਬੰਦੀਆਂ ਚੋਣਾਂ ਲੜਨਗੀਆਂ ਤਾਂ ਉਨ੍ਹਾਂ ਕਿਹਾ ਕਿ ਹਾਲੇ ਇਹ ਫੈਸਲਾ ਨਹੀਂ ਕੀਤਾ ਗਿਆ ਹਾਲਾਂਕਿ ਵਪਾਰੀਆਂ ਦੀ ਪਾਰਟੀ ਨੂੰ ਸਮਰਥਨ ਦੇਣ ਸਬੰਧੀ ਵੀ ਉਨ੍ਹਾਂ ਨੇ ਕੁਝ ਸਾਫ ਨਹੀਂ ਕਿਹਾ ਪਰ ਉਨ੍ਹਾਂ ਭਾਜਪਾ ਦੇ ਵਿਰੋਧ ਸਬੰਧੀ ਕੀਤੇ ਗਏ ਸਵਾਲ ਦੇ ਜਵਾਬ ਦਿੰਦਿਆਂ ਕਿਹਾ ਕਿ ਮੋਰਚਾ ਹੁਣ ਖ਼ਤਮ ਹੋ ਚੁੱਕਾ ਹੈ ਇਸ ਕਰਕੇ ਪਿੰਡਾਂ ਵਿੱਚ ਹੁਣ ਭਾਜਪਾ ਦਾ ਵਿਰੋਧ ਕਿਸਾਨਾਂ ਵੱਲੋਂ ਨਹੀਂ ਕੀਤਾ ਜਾਵੇਗਾ। ਇਸ ਮੌਕੇ ਰਾਜੇਵਾਲ ਸਿਆਸਤ ਵਿੱਚ ਆਉਣ, ਚੋਣਾਂ ਲੜਨ ਅਤੇ ਕਿਸਾਨਾਂ ਵੱਲੋਂ ਕਿਸੇ ਰਾਜਨੀਤਿਕ ਪਾਰਟੀ ਨੂੰ ਸਮਰਥਨ ਦੇਣ ਸਬੰਧੀ ਉਹ ਖੁੱਲ੍ਹ ਕੇ ਨਹੀਂ ਬੋਲੇ।