ਲੁਧਿਆਣਾ:ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਲੁਧਿਆਣਾ ਦੀ ਜਾਮਾ ਮਸਜਿਦ ਪਹੁੰਚੇ। ਇਸ ਦੌਰਾਨ ਜਿੱਥੇ ਉਨ੍ਹਾਂ ਨੂੰ ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਵੱਲੋਂ ਸਨਮਾਨਿਤ ਕੀਤਾ ਗਿਆ ਉਥੇ ਹੀ ਰਾਜੇਵਾਲ ਨੇ ਬੀਤੇ ਦਿਨੀਂ ਸ਼ਾਹੀ ਇਮਾਮ ਦੇ ਪਿਤਾ ਦਾ ਦੇਹਾਂਤ ਹੋਣ ’ਤੇ ਅਫਸੋਸ ਵੀ ਪ੍ਰਗਟ ਕੀਤਾ। ਇਸ ਦੌਰਾਨ ਰਾਜੇਵਾਲ ਨੇ ਕਿਹਾ ਕਿ ਮੋਰਚਾ ਹਾਲੇ ਮੁਲਤਵੀ ਹੋਇਆ ਹੈ ਖ਼ਤਮ ਨਹੀਂ ਹੋਇਆ। ਇਸ ਮੌਕੇ ਰਾਜੇਵਾਲ ਨੇ ਸਾਫ ਕਿਹਾ ਕਿ ਜੋ ਵੀ ਟੋਲ ਪਲਾਜ਼ਾ ਪੁਰਾਣੇ ਰੇਟਾਂ ’ਤੇ ਖੋਲ੍ਹਣਾ ਚਾਹੁੰਦੇ ਹਨ ਉਹ ਬੇਸ਼ੱਕ ਖੋਹ ਲੈਣ ਪਰ ਕੀਮਤਾਂ ਵਧਾ ਕੇ ਕਿਸੇ ਨੂੰ ਟੋਲ ਨਹੀਂ ਖੁੱਲ੍ਹਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਪੁਰਾਣੀਆਂ ਕੀਮਤਾਂ ਲਾਗੂ ਨਹੀਂ ਕਰਨਗੇ ਉਦੋਂ ਤੱਕ ਕਿਸਾਨਾਂ ਵੱਲੋਂ ਟੋਲ ਪਲਾਜ਼ਾ ’ਤੇ ਧਰਨੇ ਜਾਰੀ ਰਹਿਣਗੇ।
ਮੁੱਲਾਂਪੁਰ ਵਿੱਚ ਕਿਸਾਨਾਂ ਦੀ ਬੈਠਕ
ਕਿਸਾਨਾਂ ਵੱਲੋਂ ਚੋਣਾਂ ਲੜਨ ਸਬੰਧੀ ਲਗਾਤਾਰ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਲੁਧਿਆਣਾ ਨੂੰ ਇਸ ਸਬੰਧੀ ਕੇਂਦਰ ਬਣਾਇਆ ਗਿਆ ਹੈ। ਜਿੱਥੇ ਇੱਕ ਪਾਸੇ ਬਲਬੀਰ ਸਿੰਘ ਰਾਜੇਵਾਲ ਲੁਧਿਆਣਾ ਜਾਮਾ ਮਸਜਿਦ ਪਹੁੰਚੇ ਉਥੇ ਹੀ ਦੂਜੇ ਪਾਸੇ ਮੁੱਲਾਂਪੁਰ ਵਿੱਚ ਕਿਸਾਨ ਜਥੇਬੰਦੀਆਂ ਦੀ ਵੱਡੀ ਬੈਠਕ ਚੱਲ ਰਹੀ ਹੈ ਜਿਸ ਵਿੱਚ ਰੁਲਦੂ ਸਿੰਘ, ਸਰਬਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਬੈਠਕ ਹੋਈ ਹਾਲਾਂਕਿ ਬੈਠਕ ਸਬੰਧੀ ਜਦੋਂ ਉਨ੍ਹਾਂ ਨੂੰ ਵੀ ਏਜੰਡਾ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਬੈਠਕਾਂ ਰੋਜ਼ਮਰਾਂ ਹੁੰਦੀਆਂ ਹਨ।
ਆਪ ਦਾ ਸੀਐਮ ਚਿਹਰਾ ਹੋਣ ਉੱਤੇ ਬੋਲੇ ਰਾਜੇਵਾਲ
ਲੁਧਿਆਣਾ ਪਹੁੰਚੇ ਬਲਬੀਰ ਸਿੰਘ ਰਾਜੇਵਾਲ ਭਾਰਤ ਨੂੰ ਜਦੋਂ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਗਿਆ ਕਿ ਉਹ ਆਮ ਆਦਮੀ ਪਾਰਟੀ ਦੇ ਸੀਐਮ ਦਾ ਚਿਹਰਾ ਹੋ ਸਕਦੇ ਨੇ ਤਾਂ ਉਨ੍ਹਾਂ ਨੇ ਕਿਹਾ ਕਿ ਫ਼ਿਲਹਾਲ ਉਨ੍ਹਾਂ ਨੇ ਅਜਿਹਾ ਕੋਈ ਵੀ ਫ਼ੈਸਲਾ ਨਹੀਂ ਲਿਆ। ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਇਸ ਬਾਰੇ ਕੋਈ ਗੱਲ ਨਹੀਂ ਹੋਈ ਉੱਥੇ ਹੀ ਜਦੋਂ ਰਾਜੇਵਾਲ ਨੂੰ ਪੰਜਾਬ ਸਰਕਾਰ ਨਾਲ ਮੀਟਿੰਗ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਫ਼ਿਲਹਾਲ ਹਾਲੇ ਕੋਈ ਮੀਟਿੰਗ ਦਾ ਸਮਾਂ ਤੈਅ ਨਹੀਂ ਹੋਇਆ ਜਦੋਂ ਤੈਅ ਹੋਵੇਗਾ ਉਦੋਂ ਵੇਖਿਆ ਜਾਵੇਗਾ।
ਮੀਟਿੰਗ ਬਾਰੇ ਚੁੱਪੀ
ਬਲਬੀਰ ਸਿੰਘ ਰਾਜੇਵਾਲ ਨੂੰ ਜਦੋਂ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਗਿਆ ਕਿ ਮੁੱਲਾਂਪੁਰ ਦੇ ਵਿੱਚ ਕੀ ਕਿਸਾਨ ਜਥੇਬੰਦੀਆਂ ਦੀ ਵੱਡੀ ਬੈਠਕ ਹੋ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਤਾਂ ਰੋਜ਼ ਹੀ ਬੈਠਕਾਂ ਹੁੰਦੀਆਂ ਹਨ ਪਰ ਬੈਠਕ ਦੇ ਏਜੰਡੇ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।