ਲੁਧਿਆਣਾ:ਪੰਜਾਬ ਸਰਕਾਰ ਵੱਲੋਂ ਜਿਥੇ ਇੱਕ ਪਾਸੇ ਦਾਅਵੇ ਕੀਤੇ ਜਾ ਰਹੇ ਨੇ ਕਿ ਉਨ੍ਹਾਂ ਵੱਲੋਂ ਬੀਤੇ 9 ਮਹੀਨਿਆਂ ਅੰਦਰ ਲਗਭੱਗ ਪੱਚੀ ਹਜ਼ਾਰ ਦੇ ਕਰੀਬ ਨੌਕਰੀਆਂ ਦੇ ਦਿੱਤੀਆਂ ਗਈਆਂ, ਠੀਕ ਉਥੇ ਹੀਪੀਐਸਐਮਐਸਯੂ ਦੇ ਵਾਸਦੀਪ ਭੁੱਲਰ, ਸੁਖਪਾਲ ਖਹਿਰਾ ਅਤੇ ਹੋਰਨਾਂ ਆਗੂਆਂ ਵੱਲੋਂ ਲੁਧਿਆਣਾ ਵਿਖੇ ਇਕ ਪ੍ਰੈੱਸ ਕਾਨਫਰੰਸ ਕਰਕੇ ਕਈ ਸਵਾਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਸਾਡੀ ਕਾਫੀ ਲੰਮੇ ਸਮੇਂ ਤੋਂ ਜੱਦੋ-ਜਹਿਦ ਜਾਰੀ ਹੈ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ।
ਇਹ ਹਨ ਯੂਨੀਅਨ ਦੀਆਂ ਮੰਗਾਂ:ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ 11 ਫ਼ੀਸਦੀ ਏਰੀਅਰ ਹੈ ਜੋ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਸਰਕਾਰ ਆਊਟਸੋਰਸ ਉੱਤੇ ਲਗਾਤਾਰ ਭਰਤੀ ਕਰ ਰਹੀ ਹੈ ਅਤੇ ਦਾਅਵੇ ਵੀ ਕਰ ਰਹੀ ਹੈ ਕਿ ਉਨ੍ਹਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਉੱਥੇ ਹੀ ਦੂਜੇ ਪਾਸੇ ਮੁਲਾਜ਼ਮਾਂ ਨੂੰ ਫਾਰਗ ਵੀ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਬਾਕੀ ਸੂਬਿਆਂ ਵਿੱਚ 20 ਸਾਲ ਦੀ ਨੌਕਰੀ ਵਿੱਚ ਸਾਰੇ ਫਾਇਦੇ ਦਿੱਤੇ ਜਾਂਦੇ ਹਨ। ਕਈ ਸੂਬਿਆਂ ਵਿੱਚ 58 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਕੀਤਾ ਜਾਂਦਾ ਹੈ ਜਦੋਂਕਿ ਪੰਜਾਬ ਸਰਕਾਰ ਸਰਕਾਰੀ ਮੁਲਾਜ਼ਮਾਂ ਦਾ ਆਰਥਿਕ ਪੱਖ ਤੋਂ ਵੱਡਾ ਨੁਕਸਾਨ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਪਹਿਲਾਂ ਸੇਵਾ ਮੁਕਤ ਕਰਦੀ ਹੈ ਅਤੇ ਫਿਰ ਆਊਟ ਸੋਰਸ ਉੱਤੇ ਉਨ੍ਹਾ ਨੂੰ 67 ਸਾਲ ਦੀ ਉਮਰ ਤੱਕ ਭਰਤੀ ਵੀ ਕਰ ਰਹੀ ਹੈ।