ਲੁਧਿਆਣਾ: ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਸਸਤਾ ਰੇਤ ਮੁਹੱਈਆ ਕਰਵਾਉਣ ਲਈ ਨਵੀਂ ਨੀਤੀ ਤਿਆਰ ਕੀਤੀ ਗਈ ਹੈ ਅਤੇ ਲੋਕਾਂ ਨੂੰ ਸਰਕਾਰੀ ਸਾਈਟ ਉੱਤੇ 5.50 ਰੁਪਏ ਪ੍ਰਤੀ ਸਕੇਅਰ ਫੁੱਟ ਰੇਤ ਮੁਹੱਈਆ ਕਰਵਾਉਣ ਦੀ ਗੱਲ ਕਹੀ ਹੈ, ਪਰ ਇਸ ਨੂੰ ਲੈ ਕੇ ਹੁਣ ਟਿੱਪਰ ਚਾਲਕ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਟਿੱਪਰ ਚਾਲਕ ਨੇ ਕਿਹਾ ਹੈ ਕਿ ਭਗਵੰਤ ਮਾਨ ਸਾਨੂੰ ਰੇਤ ਮਾਫੀਆ ਕਹਿ ਕੇ ਬੁਲਾ ਰਹੇ ਨੇ।
ਟਿੱਪਰ ਲੈਕੇ ਜਾਣ ਦੀ ਮਨਾਹੀ:ਟਿੱਪਰ ਚਾਲਕਾਂ ਨੇ ਅੱਜ ਲੁਧਿਆਣਾ ਦੇ ਵਿੱਚ ਬੈਠਕ ਕੀਤੀ ਅਤੇ ਆਪਣੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ ਦੀ ਗੱਲ ਕਹੀ। ਲੁਧਿਆਣਾ ਟਿੱਪਰ ਚਾਲਕ ਐਸੋਸੀਏਸ਼ਨ ਦੇ ਪ੍ਰਧਾਨ ਮੁਹੰਮਦ ਇਲਆਸ ਨੇ ਕਿਹਾ ਕਿ ਸਰਕਾਰ ਨੇ ਸਾਨੂੰ ਬੇਰੁਜਗਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਰੇਸ਼ਾਨ ਹਾਂ ਮੁੱਖ ਮੰਤਰੀ ਸਾਨੂੰ ਰੇਤ ਮਾਫ਼ੀਆ ਕਹਿ ਰਹੇ ਨੇ। ਉਹਨਾਂ ਕਿਹਾ ਕਿ ਸਰਕਾਰੀ ਸਾਈਟਾਂ ਉੱਤੇ ਸਾਨੂੰ ਮਸ਼ੀਨਾਂ ਅਤੇ ਟਿੱਪਰ ਲੈ ਕੇ ਜਾਣ ਦੀ ਮਨਾਹੀ ਕਰ ਦਿੱਤੀ ਗਈ ਹੈ। ਟਿੱਪਰ ਚਾਲਕਾਂ ਨੇ ਕਿਹਾ ਕਿ ਸਰਕਾਰ ਨੇ ਹੀ 5000 ਰੁਪਏ ਲੈਕੇ ਉਨ੍ਹਾਂ ਨੂੰ ਲਾਇਸੰਸ ਦਿੱਤਾ ਸੀ ਤਾਂ ਜੋ ਉਹ ਲੋਕਾਂ ਦੇ ਘਰਾਂ ਤੱਕ ਰੇਤਾ ਅਤੇ ਬਜਰੀ ਪਹੁੰਚਾ ਸਕਣ, ਪਰ ਹੁਣ ਸਰਕਾਰ ਨੇ ਆਪਣੀਆਂ ਸਾਈਟਾਂ ਖੋਲ੍ਹ ਲਈਆਂ ਨੇ ਅਤੇ ਸਾਨੂੰ ਅਜਿਹੀਆਂ ਖੱਡਾਂ ਤੋਂ ਰੇਤਾ ਚੁੱਕਣ ਦੀ ਗੱਲ ਕਹੀ ਜਾ ਰਹੀ ਹੈ ਜਿਥੋਂ ਸਾਨੂੰ 22 ਰੁਪਏ ਪ੍ਰਤੀ ਸਕੇਅਰ ਫੁੱਟ ਰੇਤਾ ਪੈ ਰਿਹਾ ਹੈ।