ਲੁਧਿਆਣਾ:ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਅਗਲਾ ਪੜਾਅ ਪੰਜਾਬ ਹੈ ਅਤੇ ਇਹ ਯਾਤਰਾ ਪੰਜਾਬ ਵਿੱਚ ਕਈ ਥਾਵਾਂ ਉੱਤੇ ਰੁਕ ਰਹੀ ਹੈ। ਇਕ ਪਾਸੇ ਇਸ ਯਾਤਰਾ ਨੂੰ ਲੈ ਕੇ ਸਿਆਸਤ ਵੀ ਭਖੀ ਹੋਈ ਹੈ ਤੇ ਦੂਜੇ ਪਾਸੇ ਇਸ ਯਾਤਰਾ ਦਾ ਵਿਰੋਧ ਵੀ ਹੋ ਰਿਹਾ ਹੈ। ਲੰਘੇ ਕੱਲ੍ਹ ਲੁਧਿਆਣਾ ਵਿੱਚ ਕਾਂਗਰਸ ਦੀ ਯਾਤਰਾ ਦੇ ਵਿਰੋਧ ਵਿੱਚ ਪੋਸਟਰ ਲਗਾਏ ਗਏ ਸਨ ਤੇ ਇਸ ਪੋਸਟਰ ਵਿੱਚ 1984 ਦੇ ਸਿੱਖ ਕਤਲੇਆਮ ਦਾ ਖਾਸਤੌਰ ਉੱਤੇ ਜਿਕਰ ਸੀ।
ਲੁਧਿਆਣਾ ਵਿੱਚ ਫੂਕਿਆ ਪੁਤਲਾ:ਰਾਹੁਲ ਗਾਂਧੀ ਦੀ ਭਾਰਤ ਜੁੜੋ ਯਾਤਰਾ ਲੁਧਿਆਣਾ ਪਹੁੰਚਣ ਉੱਤੇ ਰਾਹੁਲ ਗਾਂਧੀ ਦਾ ਸ਼ਹਿਰ ਦੇ ਘੰਟਾ ਘਰ ਚੌਂਕ ਵਿੱਚ ਦੰਗਾ ਪੀੜਤ ਪਰਿਵਾਰਾਂ ਵੱਲੋਂ ਰਾਹੁਲ ਗਾਂਧੀ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਅਤੇ ਇਸਦੇ ਨਾਲ ਹੀ ਰਾਹੁਲ ਗਾਂਧੀ ਨੂੰ ਪੰਜਾਬ ਵਿੱਚੋਂ ਵਾਪਸ ਜਾਣ ਲਈ ਵੀ ਕਿਹਾ ਗਿਆ ਤੇ ਨਾਅਰੇ ਲਾਏ ਗਏ ਹਨ। ਇਕ ਪਾਸੇ ਜਿਥੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕਰ ਰਹੇ ਹਨ ਉਥੇ ਹੀ 1984 ਸਿੱਖ ਕਤਲੇਆਮ ਪੀੜਤ ਕਹਿ ਰਹੇ ਨੇ ਕਿ ਹਾਲੇ ਤਕ ਉਹਨਾਂ ਨੂੰ ਇਨਸਾਫ ਨਹੀਂ ਮਿਲ ਸਕਿਆ ਹੈ, ਜਿਸ ਕਰਕੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਪੀੜਤਾਂ ਨੂੰ ਨਜ਼ਰਬੰਦ ਕਰਨ ਦੀ ਵੀ ਗੱਲ ਸਾਹਮਣੇ ਆ ਰਹੀ ਸੀ ਪਰ ਬਾਅਦ ਵਿੱਚ ਘੰਟਾ-ਘਰ ਵਿਖੇ ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਦਰਸ਼ਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਰਾਹੁਲ ਗਾਂਧੀ ਵਾਪਸ ਨਹੀਂ ਜਾਂਦੇ, ਉਦੋਂ ਤੱਕ ਵਿਰੋਧ ਕੀਤਾ ਜਾਵੇਗਾ।