CM ਦੇ ਹੁਕਮਾਂ ਨੂੰ ਟਿੱਚ ਜਾਣਦੇ ਨਿੱਜੀ ਸਕੂਲ ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੜਾਕੇ ਦੀ ਠੰਡ ਨੂੰ ਦੇਖਦਿਆਂ ਹੋਇਆ ਦਸਵੀਂ ਤੱਕ ਦੇ ਵਿਦਿਆਰਥੀਆਂ ਨੂੰ 14 ਜਨਵਰੀ ਤੱਕ ਸਾਰੇ ਹੀ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿੱਚ ਛੁੱਟੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਬਾਵਜੂਦ ਕੁਝ ਸਕੂਲਾਂ ਦੇ ਵਿੱਚ ਲਗਾਤਾਰ ਵਿਦਿਆਰਥੀਆਂ ਨੂੰ ਸਕੂਲ ਆਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਖਾਸ ਕਰਕੇ ਨਿੱਜੀ ਸਕੂਲਾਂ ਦੇ ਵਿੱਚ ਮਨਮਾਨੀ ਵੇਖਣ ਨੂੰ ਮਿਲ ਰਹੀ ਹੈ। ਲੁਧਿਆਣਾ ਦੇ ਬਾਲ ਭਾਰਤੀ ਸਕੂਲ ਅਤੇ ਇੱਕ ਹੋਰ ਨਿੱਜੀ ਸਕੂਲ ਦੇ ਵਿੱਚ ਅੱਜ ਵਿਦਿਆਰਥੀ ਸਕੂਲ ਆਉਂਦੇ ਵੇਖੇ ਗਏ ਹਨ, ਜਿਸ ਤੋਂ ਬਾਅਦ ਵਿਭਾਗ ਵੱਲੋਂ ਉਹਨਾਂ 'ਤੇ ਸਖ਼ਤ ਐਕਸ਼ਨ ਲੈਣ ਦਾ ਫੈਸਲਾ ਕੀਤਾ ਗਿਆ ਹੈ।
ਸਕੂਲਾਂ ਨੂੰ ਨੋਟਿਸ ਭੇਜਣ ਦੀ ਤਿਆਰੀ:ਲੁਧਿਆਣਾ ਦੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਾਨੂੰ ਦੋ ਸਕੂਲਾਂ ਦੀ ਸ਼ਿਕਾਇਤ ਪ੍ਰਾਪਤ ਹੋਈ ਹੈ ਅਤੇ ਅਸੀਂ ਉਹਨਾਂ ਨੂੰ ਨੋਟਿਸ ਭੇਜਣ ਦੀ ਤਿਆਰੀ ਕਰ ਲਈ ਹੈ। ਉਹਨਾਂ ਬਾਕੀ ਸਕੂਲਾਂ ਨੂੰ ਵੀ ਸਖ਼ਤ ਸ਼ਬਦਾਂ ਦੇ ਵਿੱਚ ਚਿਤਾਵਨੀ ਦਿੱਤੀ ਹੈ ਕਿ ਕੋਈ ਵੀ ਨਿੱਜੀ ਸਕੂਲ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਦੀ ਉਲੰਘਣਾ ਨਾ ਕਰੇ, ਨਹੀਂ ਤਾਂ ਉਹਨਾਂ 'ਤੇ ਸਖ਼ਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ।
ਬੱਚਿਆਂ ਦੀ ਆਨਲਾਈਨ ਲਗਾ ਸਕਦੇ ਕਲਾਸਾਂ: ਉਹਨਾਂ ਕਿਹਾ ਕਿ 14 ਜਨਵਰੀ ਤੱਕ ਸਾਰੇ ਹੀ ਨਿੱਜੀ ਅਤੇ ਸਰਕਾਰੀ ਸਕੂਲਾਂ ਨੂੰ ਛੁੱਟੀ ਕੀਤੀ ਜਾ ਚੁੱਕੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਸਕੂਲ ਨੂੰ ਲੋੜ ਹੈ ਤਾਂ ਉਹ ਆਨਲਾਈਨ ਕਲਾਸ ਲਗਾ ਸਕਦਾ ਹੈ ਤਾਂ ਕਿ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਖਰਾਬ ਕਰਨ ਲਈ ਨਹੀਂ ਕਿਹਾ ਗਿਆ ਹੈ, ਸਗੋਂ ਬੱਚੇ ਅਜਿਹੇ ਮੌਸਮ ਦੇ ਵਿੱਚ ਸਕੂਲ ਨਹੀਂ ਜਾ ਸਕਦੇ, ਇਸ ਕਰਕੇ ਛੁੱਟੀਆਂ ਕੀਤੀਆਂ ਗਈਆਂ ਹਨ। ਅਜਿਹੇ ਦੇ ਵਿੱਚ ਜੇਕਰ ਕੋਈ ਨਿੱਜੀ ਸਕੂਲ ਮੁੱਖ ਮੰਤਰੀ ਪੰਜਾਬ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ।
ਠੰਢ ਦੇ ਚੱਲਦੇ ਮੁੱਖ ਮੰਤਰੀ ਨੇ ਕੀਤੀਆਂ ਸੀ ਛੁੱਟੀਆਂ:ਇਸ ਤੋਂ ਪਹਿਲਾਂ ਅੱਜ ਲੁਧਿਆਣਾ ਦੇ ਇੱਕ ਨਿੱਜੀ ਸਕੂਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ, ਜਿੱਥੇ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਬੁਲਾਇਆ ਗਿਆ ਸੀ ਅਤੇ ਕੁਝ ਕੁ ਵਿਦਿਆਰਥੀ ਸਕੂਲੀ ਬੱਸ ਦੇ ਵਿੱਚ ਵੀ ਨਜ਼ਰ ਆਏ ਸਨ। ਜਿਸ ਤੋਂ ਬਾਅਦ ਇਹ ਸਵਾਲ ਖੜੇ ਹੋਏ ਸਨ, ਜਿਸ ਦੀ ਸ਼ਿਕਾਇਤ ਪਹਿਲਾ ਹੀ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਕੋਲ ਪਹੁੰਚ ਚੁੱਕੀ ਹੈ ਅਤੇ ਸਿੱਖਿਆ ਵਿਭਾਗ ਨੇ ਇਹਨਾਂ ਸਕੂਲਾਂ 'ਤੇ ਸਖਤ ਕਾਰਵਾਈ ਕਰਨ ਅਤੇ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਹੈ। ਉੱਥੇ ਦੂਜੇ ਪਾਸੇ ਵਿਧਾਇਕ ਵੱਲੋਂ ਵੀ ਇਹ ਮਾਮਲਾ ਸਿੱਖਿਆ ਵਿਭਾਗ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀ। ਕਾਬਿਲੇਗੌਰ ਹੈ ਕਿ ਇਸ ਸਾਰੇ ਮਾਮਲਿਆਂ 'ਚ ਸਕੂਲ ਪ੍ਰਬੰਧਕਾਂ ਵਲੋਂ ਕੁਝ ਵੀ ਪੱਖ ਨਹੀਂ ਰੱਖਿਆ ਗਿਆ।