ਲੁਧਿਆਣਾ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਵਿਖੇ ਅੱਜ ਇਕ ਫ਼ੈਸਲਾ ਲਿਆ ਗਿਆ ਕਿ ਲੁਧਿਆਣਾ ਵਿੱਚ ਚੱਲ ਰਹੀਆਂ ਡਾਇੰਗ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਇਹ ਉਦੋਂ ਤੱਕ ਬੰਦ ਰਹਿਣਗੀਆਂ ਜਦੋਂ ਤੱਕ ਡਾਇੰਗਾਂ ਦਾ ਸਿੱਧਾ ਪਾਣੀ ਬੁੱਢੇ ਨਾਲੇ ਵਿੱਚ ਜਾਣ ਤੋਂ ਨਹੀਂ ਰੋਕਿਆ ਜਾਂਦਾ।
ਇਸ ਸਬੰਧੀ ਡਾਇੰਗ ਇੰਡਸਟਰੀ ਯੂਨੀਅਨ ਦੇ ਪ੍ਰਧਾਨ ਅਸ਼ੋਕ ਮੱਕੜ ਨੇ ਕਿਹਾ ਕਿ ਡਾਇੰਗਾਂ ਵੱਲੋਂ ਪਹਿਲਾਂ ਹੀ ਐਸਟੀਪੀ ਪਲਾਂਟ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਵਿੱਚ ਲੋਕਾਂ ਵੱਲੋਂ ਗੰਦੇ ਸੀਵਰੇਜ ਦਾ ਪਾਣੀ ਸੁੱਟਿਆ ਜਾਂਦਾ ਹੈ ਤੇ ਲੋਕਾਂ ਨੇ ਬੁੱਢੇ ਨਾਲੇ ਨੂੰ ਕੂੜੇਦਾਨ ਬਣਾਇਆ ਹੈ।
ਅਸ਼ੋਕ ਮੱਕੜ ਨੇ ਕਿਹਾ ਹੈ ਕਿ ਡਾਇੰਗਾਂ ਵੱਲੋਂ ਪਹਿਲਾਂ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਮੁਤਾਬਕ ਟ੍ਰੀਟਮੈਂਟ ਪਲਾਂਟ ਲਗਾਏ ਗਏ ਹਨ ਅਤੇ ਇਸ ਤੋਂ ਇਲਾਵਾ ਵੀ ਹੋਰ ਤਿੰਨ ਟ੍ਰੀਟਮੈਂਟ ਪਲਾਂਟ ਲਗਾਏ ਜਾ ਰਹੇ ਹਨ, ਜੋ ਉਨ੍ਹਾਂ ਦੇ ਪਾਣੀ ਨੂੰ ਟ੍ਰੀਟ ਕਰਕੇ ਬੁੱਢੇ ਨਾਲੇ ਵਿੱਚ ਪਾਉਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਵਿੱਚ ਸਮਰਥਨ ਦੇਣਾ ਚਾਹੀਦਾ ਹੈ ਕਿਉਂਕਿ ਲੋਕ ਬੁੱਢੇ ਨਾਲੇ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ।