ਲੁਧਿਆਣਾ: ਸ਼ਹਿਰ ਦੇ ਬਸਤੀ ਜੋਧੇਵਾਲ ਅਧੀਨ ਪੈਂਦੇ ਵਾਰਡ ਨੰਬਰ ਤਿੰਨ 'ਚ ਪੋਸਟਰ ਵਿਵਾਦ ਛਿੜਿਆ ਹੈ, ਭਾਜਪਾ ਵੱਲੋਂ 23 ਜਨਵਰੀ ਨੂੰ ਅਯੋਧਿਆ ਵਿਖੇ ਉਦਘਾਟਨ ਕੀਤਾ ਜਾਣਾ ਹੈ। ਜਿੱਥੇ ਜਾਣ ਲਈ ਭਾਜਪਾ ਨੇ ਮੁਫ਼ਤ ਯਾਤਰਾ ਸਬੰਧੀ ਪੋਸਟਰ ਇਲਾਕੇ 'ਚ ਲਗਵਾਏ ਸਨ ਪਰ ਬੀਤੀ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਲਾਕੇ ਵਿੱਚ ਲੱਗੇ ਇਨ੍ਹਾਂ ਪੋਸਟਰਾਂ ਨੂੰ ਪਾੜ ਦਿੱਤਾ ਗਿਆ। ਹਾਲਾਂਕਿ ਇਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਗੁੱਸੇ 'ਚ ਆਏ ਭਾਜਪਾ ਆਗੂਆਂ ਅਤੇ ਹਿੰਦੂ ਸੰਗਠਨਾਂ ਨੇ ਇਸ ਨੂੰ ਲੈ ਕੇ ਥਾਣਾ ਬਸਤੀ ਜੋਧੇਵਾਲ ਵਿਖੇ ਸ਼ਿਕਾਇਤ ਦਿੱਤੀ ਹੈ ਅਤੇ ਅਜਿਹਾ ਕਰਨ ਵਾਲੇ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਅੱਧੀ ਰਾਤ ਨੂੰ ਪਾੜੇ ਪੋਸਟਰ: ਇਸ ਪੂਰੇ ਮਾਮਲੇ ਦੀ ਇੱਕ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦਿਖਾਈ ਦਿੰਦਾ ਕਿ ਕਾਰ 'ਚ ਸਵਾਰ ਹੋ ਕੇ ਕੁਝ ਨੌਜਵਾਨ ਆਉਂਦੇ ਹਨ ਅਤੇ ਇਲਾਕੇ ਦੇ ਵਿੱਚ ਲੱਗੇ ਇਹਨਾਂ ਪੋਸਟਰਾਂ ਨੂੰ ਪਾੜ ਦਿੰਦੇ ਹਨ, ਮੂੰਹ 'ਤੇ ਉਨ੍ਹਾਂ ਨੇ ਰੁਮਾਲ ਬੰਨਿਆ ਹੋਇਆ ਸੀ। ਪੁਲਿਸ ਉਸ ਦੀ ਸ਼ਨਾਖਤ ਕਰ ਰਹੀ ਹੈ, ਜਿਨਾਂ ਨੇ ਇਸ ਹਰਕਤ ਨੂੰ ਅੰਜਾਮ ਦਿੱਤਾ ਹੈ। ਇਹਨਾਂ ਪੋਸਟਾਂ ਦੇ ਉੱਤੇ ਭਗਵਾਨ ਦੀ ਤਸਵੀਰ ਵੀ ਲੱਗੀ ਹੋਈ ਸੀ, ਜਿਸ ਕਰਕੇ ਹਿੰਦੂ ਜਥੇਬੰਦੀਆਂ ਦੀ ਭਾਵਨਾਵਾਂ ਨੂੰ ਵੀ ਠੇਸ ਲੱਗੀ ਹੈ, ਜਿਸ ਦੇ ਕਰਕੇ ਉਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਇਹ ਪੋਸਟਰ ਰਜਿਸਟਰੇਸ਼ਨ ਕਰਵਾਉਣ ਲਈ ਪੂਰੇ ਲੁਧਿਆਣਾ ਦੇ ਨਾਲ ਪੰਜਾਬ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਵੀ ਲਗਵਾਏ ਗਏ ਹਨ।