Mohalla Clinics: ਮੁਹੱਲਾ ਕਲੀਨਿਕਾਂ 'ਤੇ ਅਕਾਲੀ ਦਲ ਅਤੇ 'ਆਪ' ਆਹਮੋ ਸਾਹਮਣੇ, ਅਕਾਲੀ ਦਲ ਨੇ ਕਿਹਾ ਫੇਲ੍ਹ ਪ੍ਰਾਜੈਕਟ ਪੰਜਾਬ 'ਚ ਲਿਆਂਦਾ, 'ਆਪ' ਨੇ ਵੀ ਦਿੱਤਾ ਠੋਕਵਾਂ ਜਵਾਬ ਲੁਧਿਆਣਾ:ਜ਼ਿਲ੍ਹਾ ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਬਣੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਸਿਹਤ ਸੁਵਿਧਾਵਾਂ ਸ਼ੁਰੂ ਨਾ ਹੋਣ ਦੇ ਚਲਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਅਕਾਲੀ ਆਗੂਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ। ਸਾਬਕਾ ਅਕਾਲੀ ਦਲ ਦੇ ਐਮ ਐਲ ਏ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਬਣਾਏ ਗਏ 30 ਬੈੱਡ ਵਾਲੇ ਹਸਪਤਾਲਾਂ ਵਿੱਚ ਸੁਵਿਧਾਵਾਂ ਸ਼ੁਰੂ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਸੁਵਿਧਾਵਾਂ ਦੇਣ ਦਾ ਵਾਅਦਾ ਕਰ ਕੇ ਆਈ ਸੀ ਪਰ ਸਰਕਾਰ ਵੱਲੋਂ ਲੋਕਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਮੁਹੱਲਾ ਕਲੀਨਿਕ ਮਹਿਜ਼ ਡਰਾਮਾ: ਅਕਾਲੀ ਆਗੂ ਰਣਜੀਤ ਸਿੰਘ ਢਿੱਲੋਂ ਨੇ ਕਿ ਉਨ੍ਹਾਂ ਦੀ ਸਰਕਾਰ ਸਮੇਂ 1400 ਡਿਸਪੈਂਸਰੀਆਂ, 510 ਛੋਟੇ ਹਸਪਤਾਲ 64 ਵੱਡੇ ਹਸਪਤਾਲਾਂ ਦਾ ਕਰੋੜਾਂ ਰੁਪਏ ਦੀ ਲਾਗਤ ਨਾਲ ਨਿਰਮਾਣ ਕੀਤਾ ਗਿਆ ਸੀ ਅਤੇ ਹੁਣ ਆਮ ਆਦਮੀ ਪਾਰਟੀ ਉਨ੍ਹਾਂ ਸਿਹਤ ਸਾਧਨਾਂ ਅੰਦਰ ਕਮੀਆਂ ਦੂਰ ਕਰਨ ਦੀ ਵਜਾਏ ਪੋਕੀ ਵਾਹੋ ਵਾਹੀ ਖੱਟਣ ਲਈ ਮੁਹੱਲਾ ਕਲੀਨਿਕਾਂ ਦਾ ਡਰਾਮਾ ਕਰ ਰਹੀ ਹੈ। ਉਨ੍ਹਾਂ ਕਿਹਾ ਆਪ ਸਰਕਾਰ ਅਜਿਹੇ ਡਰਾਮੇ ਕਰਕੇ ਪੰਜਾਬ ਦੇ ਪੈਸੇ ਨੂੰ ਬਰਬਾਦ ਕਰ ਰਹੀ ਹੈ ਨਾਲ ਹੀ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਹੀ ਹੈ।
ਕਾਂਗਰਸ ਦੀ ਸਰਕਾਰ ਉੱਤੇ ਵੀ ਵਾਰ:ਅਕਾਲੀ ਦਲ ਦੇ ਸਾਬਕਾ ਐਮ ਐਲ ਏ ਨੇ ਕਾਂਗਰਸ ਉੱਪਰ ਵੀ ਨਿਸ਼ਾਨਾ ਸਾਧਿਦਿਆਂ ਕਿਹਾ ਕਿ ਪੰਜ ਸਾਲਾਂ ਵਿੱਚ ਕਾਂਗਰਸ ਸਰਕਾਰ ਨੇ ਵੀ ਧਿਆਨ ਨਹੀਂ ਦਿੱਤਾ ਜਿਸਦੇ ਚੱਲਦਿਆਂ ਸਿਹਤ ਸੁਵਿਧਾਵਾਂ ਸ਼ੁਰੂ ਨਹੀਂ ਹੋ ਸਕੀਆਂ। ਰਣਜੀਤ ਢਿੱਲੋਂ ਨੇ ਕਿਹਾ ਕਿ ਕਾਂਗਰਸ ਦਾ ਜਿਹੜਾ ਸਾਬਕਾ ਵਿਧਾਇਕ ਸੀ ਉਸ ਨੇ ਇਲਾਕੇ ਦੇ ਵਿੱਚ ਕੋਈ ਵਿਕਾਸ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਪੂਰਾ ਹਸਪਤਾਲ ਸ਼ੁਰੂ ਕਰਨ ਦੀ ਥਾਂ ਉੱਤੇ ਸੁਭਾਸ਼ ਨਗਰ ਦੇ ਹਸਪਤਾਲ ਵਿਚ ਇਕ ਡਿਸਪੈਂਸਰੀ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਪੂਰੀ ਇਮਾਰਤ ਖੰਡਰ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਹਸਪਤਾਲਾਂ ਵਿੱਚ ਐਂਬੂਲੈਂਸਾਂ ਖੜ੍ਹੀਆਂ ਹਨ ਜਿਹੜੀਆਂ ਕਬਾੜ ਦਾ ਰੂਪ ਧਾਰ ਰਹੀਆਂ ਨੇ।
ਇਹ ਵੀ ਪੜ੍ਹੋ:police arrested the robbers: ਪੁਲਿਸ ਨੇ ਮੋਬਾਈਲ ਲੁੱਟਣ ਵਾਲੇ 3 ਲੁਟੇਰਿਆਂ ਨੂੰ ਕੀਤਾ ਕਾਬੂ , ਲੁੱਟ ਦੇ 10 ਮੋਬਾਈਲ ਕੀਤੇ ਬਰਾਮਦ
'ਆਪ' ਦਾ ਜਵਾਬ:ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਆਪਣੇ ਕੰਮ ਉੱਤੇ ਧਿਆਨ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਧਿਆਨ ਆਪਣੇ ਮਿਸ਼ਨ ਵੱਲ ਹੈ ਅਸੀਂ ਲੋਕਾਂ ਨੂੰ ਬੇਹਤਰ ਸਹੂਲਤਾਂ ਦੇਣੀਆਂ ਹਨ। ਉਨ੍ਹਾ ਕਿਹਾ ਕਿ ਜੇਕਰ ਸਵਾਲ ਚੁੱਕਣ ਵਾਲੀਆਂ ਰਿਵਾਇਤੀ ਪਾਰਟੀਆਂ ਨੇ ਕੰਮ ਕੀਤੇ ਹੁੰਦੇ ਤਾਂ ਲੋਕ ਇਨ੍ਹਾਂ ਨੂੰ ਘਰ ਨਾ ਬਿਠਾਉਂਦੇ। ਉਨ੍ਹਾ ਕਿਹਾ ਕੇ 50 ਹਜ਼ਾਰ ਵੋਟਾਂ ਤੋਂ ਹਾਰਨ ਵਾਲੇ ਸਾਨੂੰ ਸਲਾਹਾਂ ਨਾ ਦੇਣ, ਉਨ੍ਹਾਂ ਕਿਹਾ ਕਿ ਅਸੀਂ ਕੰਮ ਕਰਕੇ ਵਿਖਾ ਰਹੇ ਹਾਂ ਅਤੇ ਲੋਕਾਂ ਦਾ ਭਲਾ ਕਰ ਰਹੇ ਹਾਂ।