ਲੁਧਿਆਣਾ: ਰਾਏਕੋਟ ਦੇ ਸਰਦਾਰ ਹਰੀ ਸਿੰਘ ਨਲੂਆਂ ਚੌਂਕ ਨਜਦੀਕ ਸਥਿਤ ਖਸਤਾ ਹਾਲਤ ਪੁਰਾਤਨ ਸੰਤਾ ਸਿੰਘ ਰਾਮਗੜ੍ਹੀਆ ਪਾਰਕ ਦੇ ਪੁਨਰ ਨਿਰਮਾਣ ਦੀ ਆੜ ਹੇਠ ਪਾਰਕ ਵਿੱਚ ਲੱਗੇ 19 ਦੇ ਕਰੀਬ ਹਰੇ-ਭਰੇ ਦਰੱਖਤਾਂ ਨੂੰ ਬਚਾਉਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਅੱਗੇ ਆ ਗਈਆਂ ਹਨ। ਇਨ੍ਹਾਂ ਹਰੇ-ਭਰੇ ਰੁੱਖਾਂ ਨੂੰ ਕਤਲ ਕਰਨ ਲਈ ਰਾਏਕੋਟ ਨਗਰ ਕੌਂਸਲ ਵੱਲੋਂ ਰੱਖੀ ਨਿਲਾਮੀ ਨੂੰ ਰੱਦ ਕਰਾਉਣ ਲਈ ਸੀਟੂ ਆਗੂਆਂ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ, ਸ੍ਰੋਮਣੀ ਅਕਾਲੀ ਦਲ(ਬਾਦਲ), ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਤੇ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਵੱਲੋਂ ਨਗਰ ਕੌਂਸਲ ਦਫ਼ਤਰ ਵਿਖੇ ਵਿਸ਼ਾਲ ਰੋਸ਼ ਧਰਨਾ ਲਗਾਇਆ ਗਿਆ ਅਤੇ ਪ੍ਰਸ਼ਾਸਨ ਖਿਲਾਫ਼ ਜੰਮ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਪਾਰਟੀਆ ਦੇ ਆਗੂਆਂ ਨੇ ਆਖਿਆ ਕਿ ਪ੍ਰਸ਼ਾਸਨ ਵੱਲੋਂ ਰਾਮਗੜ੍ਹੀਆਂ ਪਾਰਕ ਵਿੱਚ ਲੱਗੇ ਸਾਲਾਂ ਪੁਰਾਣੇ ਦਰੱਖਤਾਂ ਨੂੰ ਵੱਢ ਕੇ ਨਵੀ ਪਾਰਕ ਬਣਾਈ ਜਾ ਰਹੀ ਹੈ, ਜੋ ਸਰਾਸਰ ਗਲਤ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦਰੱਖਤ ਵੱਢੇ, ਬਿਨ੍ਹਾਂ ਪੁੱਟੇ ਵੀ ਪਾਰਕ ਬਣਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਜਿਹਾ ਨਹੀਂ ਕਰਨਾ ਚਾਹੁੰਦਾ ਪ੍ਰੰਤੂ ਅਸੀਂ ਕਿਸੇ ਵੀ ਹਾਲਤ ਵਿੱਚ ਰੁੱਖਾਂ ਦਾ ਕਤਲ ਨਹੀਂ ਹੋਣ ਦਿਆਂਗੇ।