ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ 'ਚ ਹੋਵੇਗੀ ਸਿਆਸੀ ਬਹਿਸ ਲੁਧਿਆਣਾ: ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੇ ਸਿਆਸੀ ਵਿਰੋਧੀਆਂ ਨੂੰ ਖੁੱਲ੍ਹੀ ਬਹਿਸ ਦਾ ਚੈਲੰਜ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਚੰਡੀਗੜ੍ਹ ਵਿਚਲਾ ਟੈਗੋਰ ਥੀਏਟਰ ਨੂੰ ਬਹਿਸ ਦੇ ਸਥਾਨ ਲਈ ਚੁਣਿਆ ਗਿਆ ਸੀ ਪਰ ਉਥੋਂ ਦੇ ਪ੍ਰਬੰਧਕਾਂ ਵਲੋਂ ਸਿਆਸੀ ਬਹਿਸ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਵਲੋਂ ਬਹਿਸ ਲਈ ਥਾਂ ਨੂੰ ਬਦਲ ਦਿੱਤਾ ਗਿਆ ਤੇ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪੰਜਾਬ ਦੀ ਸਭ ਤੋਂ ਵੱਡੀ ਸਿਆਸੀ ਬਹਿਸ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਹੋਵੇਗੀ। (Political debate) (Dr Manmohan Singh Auditorium)
ਸਰਕਾਰ ਨੇ ਫੋਨ ਕਰਕੇ ਲਈ ਜਾਣਕਾਰੀ:ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੀ ਸਾਰੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਗਈ ਸੀ ਅਤੇ ਇਹ ਬਹਿਸ 1 ਨਵੰਬਰ ਪੰਜਾਬ ਦਿਵਸ ਵਾਲੇ ਦਿਨ ਰੱਖੀ ਗਈ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿੱਚ ਇਹ ਬਹਿਸ ਕਰਵਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਕੋਲੋਂ ਜਾਣਕਾਰੀ ਹਾਸਲ ਕੀਤੀ ਗਈ ਹੈ। ਹਾਲਾਂਕਿ ਇਸ ਸਬੰਧੀ ਫਿਲਹਾਲ ਕੋਈ ਨੋਟੀਫਿਕੇਸ਼ਨ ਤਾਂ ਜਾਰੀ ਨਹੀਂ ਕੀਤਾ ਗਿਆ ਪਰ ਫੋਨ ਕਰਕੇ ਤਰੀਕਾਂ ਬਾਰੇ ਜ਼ਰੂਰ ਪੁੱਛਿਆ ਗਿਆ ਹੈ ਅਤੇ ਇੱਕ ਤਰੀਕ ਨੂੰ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਖਾਲੀ ਦੱਸਿਆ ਜਾ ਰਿਹਾ ਹੈ। ਜਿਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਵਿਭਾਗ ਦੇ ਸਹਾਇਕ ਡਾਇਰੈਕਟਰ ਡਾਕਟਰ ਟੀਐਸ ਰਿਆੜ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਚਰਚਾਵਾਂ ਵੀ ਨੇ ਕਿ ਸਰਕਾਰ ਵਲੋਂ ਇਸ ਆਡੀਟੋਰੀਅਮ ਨੂੰ ਸਿਆਸੀ ਬਹਿਸ ਲਈ ਬੁੱਕ ਕਰਵਾ ਲਿਆ ਹੈ।
ਸਰਕਾਰ ਚਾਹੇ ਤਾਂ ਹੋ ਸਕਦੀ ਸਿਆਸੀ ਬਹਿਸ:ਇਸ ਸਬੰਧੀ ਗੱਲਬਾਤ ਕਰਦੇ ਹੋਏ ਸੰਚਾਰ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਤਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਫਿਲਹਾਲ ਸਾਡੇ ਕੋਲੋਂ ਸਿਰਫ ਤਰੀਕ ਬਾਰੇ ਸਰਕਾਰ ਨੇ ਪੁੱਛਿਆ ਹੈ। ਉਹਨਾਂ ਕਿਹਾ ਕਿ ਅੱਗੇ ਵੀ ਪੰਜਾਬ ਸਰਕਾਰ ਦੇ ਪ੍ਰੋਗਰਾਮ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿੱਚ ਹੁੰਦੇ ਹਨ, ਇਸ ਆਡੀਟੋਰੀਅਮ ਦੇ ਵਿੱਚ 1 ਹਜ਼ਾਰ ਤੋਂ ਵਧੇਰੇ ਲੋਕਾਂ ਦੇ ਬੈਠਣ ਦੀ ਸੁਵਿਧਾ ਹੈ। ਇਸ ਤੋਂ ਇਲਾਵਾ ਇਹ ਹਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਭ ਤੋਂ ਵੱਡੇ ਹਾਲ ਵਿੱਚ ਹੈ। ਉਹਨਾਂ ਕਿਹਾ ਕਿ ਫਿਲਹਾਲ ਸਾਨੂੰ ਤਿਆਰੀਆਂ ਲਈ ਨਹੀਂ ਕਿਹਾ ਗਿਆ ਹੈ, ਸਿਰਫ ਸਾਨੂੰ ਤਰੀਕ ਬਾਰੇ ਪੁੱਛਿਆ ਗਿਆ ਹੈ। ਹਾਲਾਂਕਿ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਇੱਥੇ ਸਿਆਸੀ ਪ੍ਰੋਗਰਾਮ ਹੋ ਸਕਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਸਿਆਸੀ ਪ੍ਰੋਗਰਾਮ ਤਾਂ ਨਹੀਂ ਹੋਣੇ ਚਾਹੀਦੇ ਪਰ ਜੇਕਰ ਲੋਕਾਂ ਦੇ ਹਿੱਤਾਂ ਲਈ ਕੋਈ ਪ੍ਰੋਗਰਾਮ ਹੈ ਅਤੇ ਪੰਜਾਬ ਸਰਕਾਰ ਕਰਵਾ ਰਹੀ ਹੈ ਤਾਂ ਜ਼ਰੂਰ ਹੋ ਸਕਦਾ ਹੈ। ਜਿਸ ਤੋਂ ਕਿਹਾ ਜਾ ਸਕਦਾ ਹੈ ਕਿ ਹੁਣ ਇਹ ਬਹਿਸ ਇਸ ਆਡੀਟੋਰੀਅਮ 'ਚ ਹੀ ਕਰਵਾਈ ਜਾਵੇਗੀ।
ਐਸਵਾਈਐਲ ਦੇ ਮੁੱਦੇ ਨੂੰ ਲੈਕੇ ਘੇਰ ਰਹੇ ਸੀ ਵਿਰੋਧੀ: ਜ਼ਿਕਰੇਖਾਸ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਸਵਾਈਐਲ ਦੇ ਮੁੱਦੇ ਨੂੰ ਲੈਕੇ ਲਗਾਤਾਰ ਹਮਲਾਵਰ ਹੋ ਰਹੇ ਵਿਰੋਧੀ ਪਾਰਟੀਆਂ ਨੂੰ ਜਵਾਬ ਦਿੰਦਿਆਂ 9 ਅਕਤੂਬਰ ਨੂੰ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਸੀ, ਜਿਸ ਦੇ ਤਹਿਤ ਇੱਕ ਨਵੰਬਰ ਪੰਜਾਬ ਦਿਵਸ ਦਾ ਦਿਨ ਨਿਰਧਾਰਿਤ ਕੀਤਾ ਗਿਆ ਸੀ। ਇਸ ਨੂੰ ਲੈ ਕੇ ਬੀਤੇ ਦਿਨ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਿਆਂ ਨੂੰ ਤਿਆਰੀ ਕਰਨ ਲਈ ਕਿਹਾ ਸੀ ਅਤੇ ਕਿਹਾ ਸੀ ਕਿ ਮੈਨੂੰ ਤਿਆਰੀ ਦੀ ਲੋੜ ਨਹੀਂ ਹੈ, ਮੈਨੂੰ ਇੱਕ ਇੱਕ ਗੱਲ ਯਾਦ ਹੈ।