ਲੁਧਿਆਣਾ: ਘੱਲੂਘਾਰਾ ਦਿਵਸ ਨੂੰ ਲੈ ਕੇ ਸਿੱਖਸ ਫਾਰ ਜਸਟਿਸ ਪਾਬੰਦੀਸ਼ੁਦਾ ਜਥੇਬੰਦੀ ਵੱਲੋਂ ਰੇਲ ਰੋਕੋ ਦੀ ਪੰਜਾਬ ਅੰਦਰ ਕਾਲ ਦਿੱਤੀ ਗਈ ਸੀ ਪਰ ਇਸ ਦਾ ਬਹੁਤਾ ਅਸਰ ਤਾਂ ਨਹੀਂ ਵੇਖਣ ਨੂੰ ਮਿਲਿਆ ਪਰ ਰੇਲਵੇ ਸਟੇਸ਼ਨ ਲੁਧਿਆਣਾ ਤੇ ਵਾਧੂ ਪੁਲਿਸ ਫੋਰਸ ਤੈਨਾਤ ਕੀਤੀ ਗਈ। ਜੀ ਆਰ ਪੀ, ਆਰ ਪੀ ਐੱਫ ਤੋਂ ਇਲਾਵਾ ਪੰਜਾਬ ਪੁਲਿਸ ਲੁਧਿਆਣਾ ਦੀਆਂ ਟੁਕੜੀਆਂ ਤੇ ਐਂਟੀ ਰਾਈਟਸ ਫੋਰਸ ਵੀ ਤੈਨਾਤ ਕੀਤੀ ਗਈ। ਓਧਰ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਨੇ ਦੱਸਿਆ ਕਿ ਟਰੇਨਾਂ ਨਿਰੰਤਰ ਚੱਲ ਰਹੀਆਂ ਹਨ ਕਿਸੇ ਕਿਸਮ ਦਾ ਕੋਈ ਵਿਘਨ ਨਹੀਂ ਆਇਆ। ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੇ ਵੀ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਜਾਂ ਸ਼ੱਕੀ ਪਤਾ ਲੱਗਦਾ ਹੈ ਤਾਂ ਉਸ ਬਾਰੇ ਪੁਲਿਸ ਨੂੰ ਜ਼ਰੂਰ ਇਤਲਾਹ ਦੇਣ।
ਨਹੀਂ ਬੰਦ ਹੋਈਆਂ ਟਰੇਨਾਂ:ਸਿਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਹਾਲਾਂਂਕਿ ਪੰਜਾਬ ਭਰ ਦੇ ਵਿੱਚ ਘੱਲੂਘਾਰਾ ਦਿਵਸ ਨੂੰ ਲੈ ਕੇ ਰੇਲ ਰੋਕੋ ਪ੍ਰਦਰਸ਼ਨ ਕਰਨ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ ਸੀ ਪਰ ਇਸ ਦਾ ਬਹੁਤਾ ਅਸਰ ਲੁਧਿਆਣਾ ਵਿਚ ਵੇਖਣ ਨੂੰ ਨਹੀਂ ਮਿਲਿਆ। ਟਰੇਨਾਂ ਨਿਰੰਤਰ ਚਲਦੀਆਂ ਆ ਰਹੀਆਂ ਹਨ ਜਿਸ ਦੀ ਪੁਸ਼ਟੀ ਲੁਧਿਆਣਾ ਦੇ ਰੇਲਵੇ ਸਟੇਸ਼ਨ ਡਾਇਰੈਕਟਰ ਅਭਿਨਵ ਸਿੰਗਲਾ ਨੇ ਕੀਤੀ। ਉਨ੍ਹਾਂ ਕਿਹਾ ਕਿ ਟਰੈਕ ਬਿਲਕੁਲ ਖਾਲੀ ਹਨ ਕਿਸੇ ਕਿਸਮ ਦਾ ਕੋਈ ਵਿਰੋਧ ਲੁਧਿਆਣਾ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਟਰੇਨਾਂ ਚੱਲ ਵੀ ਰਹੀਆਂ ਹਨ ਅਤੇ ਆ ਵੀ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸੁਰੱਖਿਆ ਦੇ ਚੰਗੇ ਪ੍ਰਬੰਧ ਕੀਤੇ ਹਨ ਜਿਨ੍ਹਾਂ ਤੋਂ ਉਹ ਸੰਤੁਸ਼ਟ ਹਨ।
ਸੁਰੱਖਿਆ ਦੇ ਪੁਖਤਾ ਪ੍ਰਬੰਧ: ਓਧਰ ਦੂਜੇ ਪਾਸੇ ਲੁਧਿਆਣਾ ਪੁਲਿਸ ਸਟੇਸ਼ਨ ਤੇ ਪੁਲਿਸ ਦੀ ਵਾਧੂ ਟੁਕੜੀਆਂ ਤੈਨਾਤ ਕੀਤੀਆਂ ਗਈਆਂ ਹਨ। ਪੰਜਾਬ ਪੁਲਿਸ ਤੋਂ ਇਲਾਵਾ ਆਰਪੀਐਫ, ਜੀਆਰਪੀ ਅਤੇ ਦੰਗਾ ਵਿਰੋਧੀ ਫੋਰਸ ਵੀ ਤੈਨਾਤ ਕੀਤੀ ਗਈ ਹੈ। ਲੁਧਿਆਣਾ ਕੇਂਦਰੀ ਦੇ ਏਸੀਪੀ ਹਰਸਿਮਰਤ ਸਿੰਘ ਨੇ ਕਿਹਾ ਕਿ ਅਸੀਂ ਕੱਲ੍ਹ ਤੋਂ ਫਲੈਗ ਮਾਰਚ ਕੱਢ ਰਹੇ ਹਾਂ, ਪਹਿਲਾਂ ਹੀ ਘੱਲੂਘਾਰਾ ਦਿਵਸ ਨੂੰ ਲੈਕੇ ਪੰਜਾਬ ’ਚ ਰੈਡ ਅਲਰਟ ਜਾਰੀ ਹੈ। ਉਨ੍ਹਾਂ ਕਿਹਾ ਕਿ ਫੋਰਸ ਵਾਧੂ ਤੈਨਾਤ ਕੀਤੀ ਗਈ ਹੈ ਸਾਡੇ ਕੋਲ ਬੀਐੱਸਐੱਫ ਦੀਆਂ ਟੁਕੜੀਆਂ ਵੀ ਆਈਆਂ ਹਨ ਜਿੰਨ੍ਹਾਂ ਦੀ ਤੈਨਾਤੀ ਸ਼ਹਿਰ ਦੇ ਸੰਵੇਦਸ਼ੀਲ ਇਲਾਕਿਆਂ ਵਿੱਚ ਕੀਤੀ ਗਈ ਹੈ।