ਲੁਧਿਆਣਾ: ਪੰਜਾਬ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਵੱਧਦੇ ਮਾਮਲੇ ਨੂੰ ਦੇਖਦਿਆਂ ਹੁਣ ਵੀਕਐਂਡ ਲੌਕਡਾਊਨ ਜਾਰੀ ਕਰ ਦਿੱਤਾ ਹੈ। ਵੀਕਐਂਡ ਲੌਕਡਾਊਨ 'ਚ ਸਰਕਾਰ ਨੇ ਜ਼ਰੂਰੀ ਸਮਾਨ ਵਾਲੀਆਂ ਦੁਕਾਨਾਂ ਤੇ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਰਿਆਇਤ ਦਿੱਤੀ ਹੈ। ਦੁਕਾਨਦਾਰਾਂ ਨੇ ਸਰਕਾਰ ਦੀ ਰਿਆਇਤ ਮੁਤਾਬਕ ਦੁਕਾਨਾਂ ਖੋਲ੍ਹੀਆਂ ਤਾਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਦੀਆਂ ਦੁਕਾਨਾਂ ਨੂੰ ਬੰਦ ਕਰ ਕੇ ਸਿਰਫ਼ ਸ਼ਰਾਬ ਦੇ ਠੇਕਿਆਂ ਨੂੰ ਖੁੱਲਾ ਰੱਖਿਆ ਜਿਸ ਨੂੰ ਲੈ ਕੇ ਦੁਕਾਨਦਾਰਾਂ ਨੇ ਰੋਸ ਪ੍ਰਗਟ ਕੀਤਾ।
ਦੁਕਾਨਦਾਰਾਂ ਨੇ ਦੱਸਿਆ ਕਿ 2 ਮਹੀਨੇ ਦੇ ਲੌਕਡਾਊਨ ਤੋਂ ਬਾਅਦ ਥੋੜੇ ਦਿਨ ਪਹਿਲਾਂ ਹੀ ਸਰਕਾਰ ਨੇ ਦੁਕਾਨਾਂ ਖੋਲ੍ਹਣ ਦੀ ਰਿਆਇਤ ਦਿੱਤੀ ਸੀ ਜਿਸ ਨਾਲ ਦੁਕਾਨਦਾਰਾਂ ਨੂੰ ਕੁਝ ਕੁ ਰਾਹਤ ਮਿਲੀ। ਉਨ੍ਹਾਂ ਨੇ ਕਿਹਾ ਕਿ ਕੰਮ ਬੰਦ ਹੋਣ ਕਾਰਨ ਛੋਟਾ ਤਬਕਾ ਤਾਂ ਪਹਿਲਾਂ ਹੀ ਕੋਰੋਨਾ ਦੀ ਮਾਰ ਹੇਠਾਂ ਆ ਕੇ ਕਰਜ਼ਾਈ ਹੋਇਆ ਹੈ, ਜੇ ਹੁਣ ਸਰਕਾਰ ਵੱਲੋਂ ਥੋੜੀ ਜਿਹੀ ਰਾਹਤ ਮਿਲੀ ਤਾਂ ਪੁਲਿਸ ਵੱਲੋਂ ਹੁਣ ਉਨ੍ਹਾਂ ਦੀਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਵੀਕਐਂਡ ਲੌਕਡਾਊਨ 'ਚ ਕਰਿਆਨੇ ਦੀ ਦੁਕਾਨਾਂ ਤੇ ਮੈਡੀਕਲ ਦੁਕਾਨਾਂ ਨੂੰ ਖੋਲ੍ਹਣ ਲਈ ਕਿਹਾ ਸੀ ਜਿਸ ਮੁਤਾਬਕ ਉਨ੍ਹਾਂ ਨੇ ਦੁਕਾਨਾਂ ਖੋਲ੍ਹੀਆਂ। ਉਨ੍ਹਾਂ ਕਿਹਾ ਕਿ ਜਿਵੇਂ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਉਵੇਂ ਹੀ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਆ ਕੇ ਕਾਕੋਵਾਲ ਰੋਡ, ਨੂਰਵਾਲਾ ਰੋਡ ਅਤੇ ਕੈਲਾਸ਼ ਨਗਰ ਰੋਡ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਕਰਿਆਣੇ ਦੀ ਦੁਕਾਨਾਂ ਬੰਦ ਕਰਵਾ ਦਿੱਤੀਆਂ ਪਰ ਠੇਕੇ ਖੁੱਲ੍ਹੇ ਰਹਿਣ ਦਿੱਤੇ।